ਭਾਰਤ ਨੇ ਪਹਿਲੇ ਵਨ ਡੇ ਵਿੱਚ 8 ਵਿਕਟਾਂ ਨਾਲ ਹਰਾ ਕੇ ਜਿੱਤਿਆ ਮੈਚ

Oct 22 2018 03:32 PM
ਭਾਰਤ ਨੇ ਪਹਿਲੇ ਵਨ ਡੇ ਵਿੱਚ 8 ਵਿਕਟਾਂ ਨਾਲ ਹਰਾ ਕੇ ਜਿੱਤਿਆ ਮੈਚ


ਗੁਹਾਟੀ— 
ਕਪਤਾਨ ਵਿਰਾਟ ਕੋਹਲੀ (140) ਤੇ ਉਪ ਕਪਤਾਨ ਰੋਹਿਤ ਸ਼ਰਮਾ (ਅਜੇਤੂ 152) ਦੇ ਤੂਫਾਨੀ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ  246 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਦੇ 322 ਦੌੜਾਂ ਦੇ ਸਕੋਰ ਨੂੰ ਬੌਣਾ ਸਾਬਤ ਕਰਦਿਆਂ ਐਤਵਾਰ ਨੂੰ ਪਹਿਲਾ ਵਨ ਡੇ 8 ਵਿਕਟਾਂ ਨਾਲ ਜਿੱਤ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ•ਤ ਬਣਾ ਲਈ।
ਵਿਰਾਟ ਤੇ ਰੋਹਿਤ ਨੇ ਧਮਾਕੇਦਾਰ ਬੱਲੇਬਾਜ਼ੀ ਦਾ ਅਜਿਹਾ ਨਜ਼ਾਰਾ ਪੇਸ਼ ਕੀਤਾ, ਜਿਸ ਨੂੰ ਗੁਹਾਟੀ ਦੇ ਦਰਸ਼ਕ ਤੇ ਭਾਰਤੀ ਕ੍ਰਿਕਟ ਪ੍ਰੇਮੀ ਲੰਬੇ ਸਮੇਂ ਤਕ ਯਾਦ ਰੱਖਣਗੇ। ਵੈਸਟਇੰਡੀਜ਼ ਨੇ ਸ਼ਿਮਰੋਨ ਹੈੱਟਮਾਇਰ (106) ਦੇ ਤੂਫਾਨੀ ਸੈਂਕੜਿਆਂ ਨਾਲ 50 ਓਵਰਾਂ ਵਿਚ 8 ਵਿਕਟਾਂ 'ਤੇ 322 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਦੋਵੇਂ ਭਾਰਤੀ ਧਾਕੜ ਬੱਲੇਬਾਜ਼ਾਂ ਨੇ ਅਜਿਹੀ ਬੱਲੇਬਾਜ਼ੀ ਕੀਤੀ, ਜਿਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਕਰ ਇਸ ਪਿੱਚ 'ਤੇ 400 ਦਾ ਸਕੋਰ ਵੀ ਹੁੰਦਾ ਤਾਂ ਉਹ ਵੀ ਘੱਟ ਪੈ ਜਾਂਦਾ। ਭਾਰਤ ਨੇ 42.1 ਓਵਰਾਂ ਵਿਚ 2 ਵਿਕਟਾਂ 'ਤੇ 326 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ।
ਭਾਰਤੀ ਕਪਤਾਨ ਨੇ ਆਪਣਾ 36ਵਾਂ ਤੇ ਉਪ ਕਪਤਾਨ ਨੇ 20ਵਾਂ ਸੈਂਕੜਾ ਬਣਾਇਆ। ਦੋਵਾਂ ਬੱਲੇਬਾਜ਼ਾਂ ਨੇ ਚੌਕੇ ਮਾਰ ਕੇ ਆਪਣੇ ਸੈਂਕੜੇ ਪੂਰੀ ਕੀਤੇ। ਦੋਵਾਂ ਨੇ ਦੋਹਰੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਤੇ ਇਹ ਭਾਰਤ ਦੀ ਵੈਸਟਇੰਡੀਜ਼ ਵਿਰੁੱਧ ਕਿਸੇ ਵੀ ਵਿਕਟ ਲਈ ਪਹਿਲੀ ਦੋਹਰੇ ਸੈਂਕੜੇ ਵਾਲੀ ਸਾਂਝੇਦਾਰੀ ਹੈ। ਵਿਰਾਟ ਨੇ 107 ਗੇਂਦਾਂ 'ਤੇ 140 ਦੌੜਾਂ ਵਿਚ 21 ਚੌਕੇ ਤੇ 2 ਛੱਕੇ ਲਾਏ। ਵਿਰਾਟ ਨੇ ਆਪਣੇ ਦੋਵੇਂ ਛੱਕੇ ਸੈਂਕੜਾ ਪੂਰਾ ਕਰਨ ਤੋਂ ਬਾਅਦ ਮਾਰੇ। ਰੋਹਿਤ ਨੇ 117 ਗੇਂਦਾਂ 'ਤੇ 15 ਚੌਕੇ ਤੇ 8 ਛੱਕਿਆਂ ਦੀ ਮਦਦ ਨਾਲ ਅਜੇਤੂ 152 ਦੌੜਾਂ ਬਣਾਈਆਂ। ਰੋਹਿਤ ਨੇ ਭਾਰਤ ਲਈ ਜੇਤੂ ਛੱਕਾ ਮਾਰਿਆ। ਵਿਰਾਟ ਦੀ ਇਹ ਪਾਰੀ ਵਨ ਡੇ ਵਿਚ ਉਸ ਦੀ ਚੌਥੀ ਸਰਵਸ੍ਰੇਸ਼ਠ ਪਾਰੀ ਹੈ। ਓਪਨਰ ਸ਼ਿਖਰ ਧਵਨ (4) ਦੀ ਵਿਕਟ ਸਿਰਫ 10 ਦੌੜਾਂ ਦੇ ਸਕੋਰ 'ਤੇ ਡਿੱਗਣ ਤੋਂ ਬਾਅਦ ਵਿਰਾਟ ਤੇ ਰੋਹਿਤ ਨੇ ਕੈਰੇਬੀਆਈ ਗੇਂਦਬਾਜ਼ਾਂ ਦਾ ਜਿਵੇਂ ਕਤਲੇਆਮ ਕਰ ਦਿੱਤਾ। ਦੋਵਾਂ ਦੇ ਬੱਲਿਆਂ ਤੋਂ ਚੌਕੇ ਤੇ ਛੱਕਿਆਂ ਦਾ ਮੀਂਹ ਵਰ•ਦਾ ਰਿਹਾ। 
ਇਸ ਤੋਂ ਪਹਿਲਾਂ ਸ਼ਿਮਰੋਨ ਹੈੱਟਮਾਇਰ (106) ਦੇ ਤੂਫਾਨੀ ਸੈਂਕੜੇ ਨਾਲ ਵੈਸਟਇੰਡੀਜ਼ ਨੇ  8 ਵਿਕਟਾਂ 'ਤੇ 322 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਇਹ ਭਾਰਤ ਨੂੰ ਰੋਕਣ ਲਈ ਕਾਫੀ ਨਹੀਂ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਵਿਰਾਟ ਦਾ ਇਹ ਫੈਸਲਾ ਉਸ ਸਮੇਂ ਤਕ ਠੀਕ ਲੱਗ ਰਿਹਾ ਸੀ ਜਦੋਂ ਭਾਰਤ ਨੇ ਵੈਸਟਇੰਡੀਜ਼ ਦੇ ਚਾਰ ਬੱਲੇਬਾਜ਼ 22ਵੇਂ ਓਵਰ ਤਕ 114 ਦੇ ਸਕੋਰ 'ਤੇ ਪੈਵੇਲੀਅਨ ਵਾਪਸ ਭੇਜ ਦਿੱਤੇ ਸਨ ਪਰ ਇਸ ਤੋਂ ਬਾਅਦ ਹੈੱਟਮਾਇਰ ਭਾਰਤੀ ਗੇਂਦਬਾਜ਼ਾਂ 'ਤੇ ਕਹਿਰ ਬਣ ਕੇ ਟੁੱਟ ਪਿਆ ਤੇ ਉਸ ਨੇ ਸਿਰਫ 78 ਗੇਂਦਾਂ 'ਤੇ 6 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾ ਦਿੱਤੀਆਂ। 
ਹੈੱਟਮਾਇਰ ਦਾ ਇਹ ਤੀਜਾ ਵਨ ਡੇ ਸੈਂਕੜਾ ਸੀ। ਉਸ ਨੇ ਪਹਿਲੀਆਂ 50 ਦੌੜਾਂ 41 ਗੇਂਦਾਂ ਵਿਚ 2 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਪੂਰੀਆਂ ਕੀਤੀਆਂ ਜਦਕਿ ਅਗਲੀਆਂ 50 ਦੌੜਾਂ ਸਿਰਫ  33 ਗੇਂਦਾਂ ਵਿਚ ਬਣਾ ਲਈਆਂ, ਜਿਸ ਵਿਚ ਚਾਰ ਚੌਕੇ ਤੇ ਤਿੰਨ ਛੱਕੇ ਸ਼ਾਮਲ ਸਨ। ਹੈੱਟਮਾਇਰ ਦੇ ਤੂਫਾਨ ਨੂੰ ਲੈਫਟ ਆਰਮ ਸਪਿਨਰ  ਰਵਿੰਦਰ ਜਡੇਜਾ ਨੇ ਉਸ ਨੂੰ ਰਿਸ਼ਭ ਪੰਤ ਹੱਥੋਂ ਕੈਚ ਕਰਵਾ ਕੇ ਰੋਕਿਆ ਪਰ ਤਦ ਤਕ ਵੈਸਟਇੰਡੀਜ਼ ਨੇ 39ਵੇਂ ਓਵਰ ਤਕ 248 ਦੌੜਾਂ ਬਣਾ ਦਿੱਤੀਆਂ ਸਨ। 
ਓਪਨਰ ਐਵਿਨ ਲੂਈਸ ਦੇ ਇਸ ਸੀਰੀਜ਼ ਤੋਂ ਹਟਣ ਤੋਂ ਬਾਅਦ ਉਸ ਦੀ ਜਗ•ਾ ਟੀਮ ਵਿਚ ਸ਼ਾਮਲ ਕੀਤੇ ਗਏ ਕੀਰਨ ਪੋਵੈੱਲ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਦਿਆਂ 39 ਗੇਂਦਾਂ 'ਤੇ 6 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵਿਕਟਕੀਪਰ ਸ਼ਾਈ ਹੋਪ ਨੇ 51 ਗੇਂਦਾਂ 'ਤੇ 32 ਦੌੜਾਂ ਬਣਾਈਆਂ। ਹੇਠਲੇ ਕ੍ਰਮ ਵਿਚ ਕਪਤਾਨ ਜੈਸਨ ਹੋਲਡਰ ਨੇ 42 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 38 ਦੌੜਾਂ, ਰੋਵਮੈਨ ਪਾਵੈੱਲ ਨੇ 22, ਦੇਵੇਂਦ੍ਰ ਬਿਸ਼ੂ ਨੇ 26 ਗੇਂਦਾਂ ਵਿਚ ਅਜੇਤੂ 22 ਤੇ ਕੇਮਰ ਰੋਚ ਨੇ 22 ਗੇਂਦਾਂ ਵਿਚ  ਅਜੇਤੂ  26 ਦੌੜਾਂ ਬਣਾ ਕੇ ਵੈਸਟਇੰਡੀਜ਼ ਨੂੰ 322 ਤਕ ਪਹੁੰਚਾਇਆ। 
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਚੋਟੀਕ੍ਰਮ ਵਿਚ ਦੋ ਵਿਕਟਾਂ ਲਈਆਂ ਪਰ ਇਸ ਤੋਂ ਬਾਅਦ ਉਹ ਮਹਿੰਗਾ ਸਾਬਤ ਹੋਇਆ। ਸ਼ੰਮੀ ਨੇ 10 ਓਵਰਾਂ ਵਿਚ 81 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ 41 ਦੌੜਾਂ 'ਤੇ  3 ਵਿਕਟਾਂ, ਜਡੇਜਾ ਨੇ 66 ਦੌੜਾਂ 'ਤੇ 2 ਵਿਕਟਾਂ ਤੇ ਖਲੀਲ ਅਹਿਮਦ ਨੇ 64 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਉਮੇਸ਼ ਯਾਦਵ 64 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਨਹੀਂ ਕਰ ਸਕਿਆ। 

© 2016 News Track Live - ALL RIGHTS RESERVED