ਨਵਾਜ਼ ਸ਼ਰੀਫ ਨੂੰ10 ਅਤੇ ਮਰਿਅਮ ਨੂੰ 7 ਸਾਲ ਦੀ ਕੈਦ

Jul 07 2018 02:36 PM
ਨਵਾਜ਼ ਸ਼ਰੀਫ ਨੂੰ10 ਅਤੇ ਮਰਿਅਮ ਨੂੰ 7 ਸਾਲ ਦੀ ਕੈਦ


ਇਸਲਾਮਾਬਾਦ
ਪਾਕਿਸਤਾਨ ਦੀ ਇਕ ਜਵਾਬਦੇਹੀ ਅਦਾਲਤ ਨੇ ਪਨਾਮਾ ਪੇਪਰਸ ਕਾਂਡ ਨਾਲ ਜੁੜੇ ਭ੍ਰਿਸ਼ਟਾਚਾਰ ਦੇ 3 ਮਾਮਲਿਆਂ ਵਿਚੋਂ ਇਕ 'ਚ ਅਹੁਦਿਓਂ ਲੱਥੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਗੈਰ-ਹਾਜ਼ਰੀ 'ਚ ਅੱਜ ਉਨ•ਾਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ  ਅਤੇ 80 ਲੱਖ ਪੌਂਡ ਦਾ ਜੁਰਮਾਨਾ ਕੀਤਾ। ਅਦਾਲਤ ਨੇ ਸ਼ਰੀਫ ਦੀ ਬੇਟੀ ਅਤੇ ਸਹਿ ਦੋਸ਼ੀ ਮਰੀਅਮ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ 20 ਲੱਖ ਪੌਂਡ ਦਾ ਜੁਰਮਾਨਾ ਕੀਤਾ। ਸ਼ਰੀਫ ਦੇ ਜਵਾਈ ਕੈਪਟਨ ਮੁਹੰਮਦ ਸਫਦਰ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਉਥੇ ਹੀ ਸ਼ਰੀਫ ਦੇ 2 ਪੁੱਤਰ ਹਸਨ ਅਤੇ ਹੁਸੈਨ ਵੀ ਇਸ ਮਾਮਲੇ 'ਚ ਲੋੜੀਂਦੇ ਹਨ, ਜਿਨ•ਾਂ ਨੂੰ ਭਗੌੜਾ ਐਲਾਨ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ 68 ਸਾਲਾ ਸ਼ਰੀਫ ਲੰਡਨ 'ਚ ਹੈ, ਜਿੱਥੇ ਉਨ•ਾਂ ਦੀ ਪਤਨੀ ਕੁਲਸੁਮ ਨਵਾਜ਼ ਦੇ ਗਲੇ ਦੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਸ਼ਰੀਫ ਅਤੇ ਉਨ•ਾਂ ਦੇ ਪਰਿਵਾਰ ਖਿਲਾਫ ਇਹ ਫੈਸਲਾ 25 ਜੁਲਾਈ ਨੂੰ ਆਮ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਆਇਆ ਹੈ। ਇਸਲਾਮਾਬਾਦ ਦੀ ਅਹਿਤਿਸਾਬ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ ਬੰਦ ਕਮਰੇ 'ਚ ਇਹ ਫੈਸਲਾ ਸੁਣਾਇਆ। ਕੌਮੀ ਅਹਿਤਿਸਾਬ ਬਿਊਰੋ (ਐੱਨ. ਏ. ਬੀ.) ਦੀ ਇਸਤਗਾਸਾ ਟੀਮ ਦੇ ਪ੍ਰਮੁਖ ਸਰਦਾਰ ਮੁਜ਼ੱਫਰ ਅੱਬਾਸੀ ਨੇ ਫੈਸਲੇ ਦੀ ਸੂਚਨਾ ਦਿੱਤੀ।
ਜਾਣਕਾਰੀ ਮੁਤਾਬਕ ਫੈਸਲੇ ਤੋਂ ਬਾਅਦ ਮਰੀਅਮ ਅਤੇ ਸ਼ਰੀਫ ਨੂੰ ਚੋਣ ਲੜਨ ਦੇ ਅਯੋਗ ਕਰਾਰ ਦੇ ਦਿੱਤਾ ਗਿਆ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜਦੋਂ ਇਹ ਫੈਸਲਾ ਸੁਣਾਇਆ ਜਾ ਰਿਹਾ ਸੀ ਤਾਂ ਸ਼ਰੀਫ ਅਤੇ ਮਰੀਅਮ ਲੰਡਨ ਦੇ ਅਵੇਨਫੀਲਡ 'ਚ ਆਪਣੇ ਅਪਾਰਟਮੈਂਟ 'ਚ ਸਨ। ਪ੍ਰਸ਼ਾਸਨ ਨੇ ਫੈੱਡਰਲ ਜੁਡੀਸ਼ੀਅਲ ਅਕੈਡਮੀ 'ਚ ਅਤੇ ਉਸ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਸੀ, ਜਿਥੇ ਇਹ ਅਦਾਲਤ ਸਥਿਤ ਹੈ, ਉਸ ਨਾਲ ਜੁੜੀਆਂ ਸਾਰੀਆਂ ਸੜਕਾਂ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਰੀਫ ਇਸ ਫੈਸਲੇ ਖਿਲਾਫ ਅਪੀਲ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸ਼ਰੀਫ ਨੇ ਅਦਾਲਤ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ।

© 2016 News Track Live - ALL RIGHTS RESERVED