ਡਾ. ਮੋਹਨਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ

Dec 06 2018 03:43 PM
ਡਾ. ਮੋਹਨਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ

ਚੰਡੀਗੜ੍ਹ:

ਸਾਹਿਤ ਅਕਾਦਮੀ ਨੇ ਬੁੱਧਵਾਰ ਨੂੰ ਆਪਣੇ ਸਾਲਾਨਾ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ। ਅਕਾਦਮੀ ਵੱਲੋਂ ਐਤਕੀਂ ਸੱਤ ਕਵਿਤਾ ਸੰਗ੍ਰਹਿ, ਛੇ ਨਾਵਲ, ਛੇ ਕਹਾਣੀ ਸੰਗ੍ਰਹਿ, ਤਿੰਨ ਆਲੋਚਨਾਵਾਂ ਤੇ ਦੋ ਨਿਬੰਧ ਸੰਗ੍ਰਹਿ ਇਸ ਮਾਣਮੱਤੇ ਪੁਰਸਕਾਰ ਲਈ ਚੁਣੇ ਗਏ ਹਨ। ਪੰਜਾਬੀ ਭਾਸ਼ਾ ਲਈ ਇਹ ਪੁਰਸਕਾਰ ਡਾ. ਮੋਹਨਜੀਤ ਨੂੰ ਉਨ੍ਹਾਂ ਦੇ ਕਾਵਿ-ਸੰਗ੍ਰਹਿ ‘ਕੋਣੇ ਦਾ ਸੂਰਜ’ ਲਈ ਦੇਣ ਦਾ ਐਲਾਨ ਕੀਤਾ ਗਿਆ ਹੈ।
ਪੰਜਾਬੀ ਹਿੱਸੇ ਦੀ ਕਨਵੀਨਰ ਡਾ. ਵਨੀਤਾ ਨੇ ਦੱਸਿਆ ਕਿ ਪੰਜਾਬੀ ਸਨਮਾਨ ਦਾ ਫ਼ੈਸਲਾ ਕਰਨ ਵਾਲੀ ਜਿਊਰੀ ਵਿੱਚ ਨਾਵਲਕਾਰ ਨਛੱਤਰ, ਪ੍ਰੋ. ਅਵਤਾਰ ਸਿੰਘ ਤੇ ਮੋਹਨ ਭੰਡਾਰੀ ਸ਼ਾਮਲ ਸਨ, ਜਿਨ੍ਹਾਂ ਲੰਮੇ ਸਮੇਂ ਤੋਂ ਕਵਿਤਾ ਦੇ ਪਿੜ ਵਿੱਚ ਕਾਰਜਸ਼ੀਲ ਡਾ. ਮੋਹਨਜੀਤ ਦੇ ਨਾਂ ਦੀ ਚੋਣ ਕੀਤੀ। ਇਨਾਮਾਂ ਲਈ 1 ਜਨਵਰੀ 2012 ਤੋਂ 31 ਦਸੰਬਰ 2016 ਤਕ ਦੀਆਂ ਪਹਿਲੀ ਵਾਰ ਛਪੀਆਂ ਕਿਤਾਬਾਂ ਉਪਰ ਵਿਚਾਰ ਕੀਤਾ ਗਿਆ।
ਪੁਰਸਕਾਰ ਵਿੱਚ ਇੱਕ ਲੱਖ ਰੁਪਏ ਦੀ ਰਕਮ, ਤਾਂਬੇ ਦੀ ਸ਼ੀਲਡ, ਪ੍ਰਸ਼ੰਸਾ ਪੱਤਰ ਤੇ ਸ਼ਾਲ ਸ਼ਾਮਲ ਹਨ। ਇਹ ਮਾਣਮੱਤੇ ਪੁਰਸਕਾਰ 29 ਜਨਵਰੀ 2019 ਨੂੰ ਵਿਸ਼ੇਸ਼ ਸਮਾਗਮ ਦੌਰਾਨ ਭੇਟ ਕੀਤੇ ਜਾਣਗੇ। ਸਨਮਾਨ ਦੇ ਐਲਾਨ ਮਗਰੋਂ ਡਾ. ਮੋਹਨਜੀਤ ਨੇ ਕਿਹਾ ਕਿ ਉਨ੍ਹਾਂ ਦੀ ਰਚਨਾਤਮਿਕਤਾ, ਕਵਿਤਾ ਤੇ ਸੱਚ ਨੂੰ ਸਨਮਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਸਨਮਾਨ ਲੈਣ ਲਈ ਜੋੜ-ਤੋੜ ਤੋਂ ਸਦਾ ਹੀ ਦੂਰ ਰਹੇ ਜਿਸ ਕਰਕੇ ਦੇਰੀ ਹੋਈ ਪਰ ‘ਦੇਰ ਆਏ ਦਰੁਸਤ ਆਏ’ ਦੀ ਮਿਸਾਲ ਅਨੁਸਾਰ ਇਸ ਵਿਚ ਵੀ ਕੁੱਝ ‘ਚੰਗਾ’ ਹੀ ਹੋਵੇਗਾ।

© 2016 News Track Live - ALL RIGHTS RESERVED