ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਕਾਰਨ ਘਟੇ ਖੇਤੀ ਖਰਚੇ ਅਤੇ ਵਧੀ ਆਮਦਨੀ

Dec 05 2018 02:36 PM
ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਕਾਰਨ ਘਟੇ ਖੇਤੀ ਖਰਚੇ ਅਤੇ ਵਧੀ ਆਮਦਨੀ


ਪਠਾਨਕੋਟ

ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀਆਂ ਅਪੀਲਾਂ ਦਾ ਇਸ ਵਾਰ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ ਅਤੇ ਇਸ ਵਾਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਅਤੇ ਕੀਤੀ ਹੈ। ਬਲਾਕ ਪਠਾਨਕੋਟ ਦੇ ਪਿੰਡ ਝਲੋਆ ਦੇ ਕਿਸਾਨ ਗੌਰਵ ਕੁਮਾਰ ਨੇ ਵੀ ਬਿਨਾਂ ਪਰਾਲੀ ਨੂੰ ਅੱਗ ਲਗਾਏ 6 ਏਕੜ ਰਕਬੇ ਵਿਚ ਕਣਕ ਦੀ ਬਿਜਾਈ ਹੈਪੀ ਸੀਡਰ ਕਰਕੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਆਪਣਾ ਯੋਗਦਾਨ ਪਾਇਆ ਹੈ। ਨੌਜਵਾਨ ਕਿਸਾਨ ਗੌਰਵ ਕੁਮਰ ਦੱਸਦਾ ਹੈ ਕਿ ਉਸਨੇ 4 ਸਾਲ ਪਹਿਲਾਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਤੌਬਾ ਕੀਤੀ ਸੀ ਅਤੇ ਉਸਨੇ ਇਹ ਦੇਖਿਆ ਹੈ ਕਿ ਬਿਨਾਂ ਅੱਗ ਲਗਾਏ ਬੀਜੀਆਂ ਉਸਦੀਆਂ ਫਸਲਾਂ ਦਾ ਝਾੜ ਪਹਿਲਾਂ ਦੇ ਮੁਕਾਬਲੇ ਵੱਧ ਨਿਕਲਦਾ ਹੈ।
ਗੌਰਵ ਕੁਮਾਰ ਨੇ ਦੱਸਿਆ ਕਿ ਇਸ ਵਾਰ ਉਸਨੇ 10 ਏਕੜ ਝੋਨੇ ਅਤੇ ਬਾਸਮਤੀ ਦੀ ਫਸਲ ਬੀਜੀ ਸੀ ਅਤੇ ਕੰਬਾਇਨ ਨਾਲ ਕਟਾਈ ਤੋਂ ਬਾਅਦ ਖੇਤਾਂ ਵਿੱਚ ਪਰਾਲੀ ਨੂੰ ਚੌਪਰ ਨਾਲ  ਕੁਤਰ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ ।ਗੌਰਵ ਕੁਮਾਰ ਨੇ ਦਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੱਛਲੇ ਛੇ ਮਹੀਨਿਆਂ ਤੋਂ 6 ਕੈੰਪ ਲਗਾ ਕੇ ਝੋਨੇ ਦੀ ਪਰਾਲੀ ਦੀ ਖੇਤਾਂ ਵਿਚ ਸਾਂਭ ਸੰਭਾਲ ਕਰਨ ਬਾਰੇ ਪ੍ਰੇਰਿਤ ਕੀਤਾ ਸੀ,ਜਿਸ ਤੋਂ ਉਤਸ਼ਾਹਿਤ ਹੋ ਕੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਕੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਜਿਸ ਦੇ ਸਿੱਟੇ ਵਜੋਂ ਅਜ਼ੀਜਪੁਰ,ਸਿੰਬਲੀ ਨੌਰੰਗਪੁਰ ਪਿੰਡਾਂ ਵਿਚ ਤਕਰੀਬਨ 30 ਏਕੜ ਰਕਬੇ ਵਿਚ ਕਣਕ ਦੀ ਬਿਜਾਈ ਜ਼ਿਲਾ ਪਠਾਨਕੋਟ ਵਿਚ ਪਹਿਲੀ ਵਾਰ ਲੱਕੀ ਹੈਪੀ ਸੀਡਰ ਨਾਲ ਕੀਤੀ ਗਈ ਹੈ। ਉਸਨੇ ਦੱਸਿਆ ਕਿ ਭਾਂਵੇ ਉਸ ਨੂੰ ਕੁਝ ਮਿਹਨਤ ਤਾਂ ਵੱਧ ਕਰਨੀ ਪਈ ਹੈ ਪਰ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ। ਉਸਨੇ ਕਿਹਾ ਕਿ ਹੁਣ ਉਸਨੂੰ ਪਹਿਲਾਂ ਦੇ ਮੁਕਾਬਲੇ ਖੇਤਾਂ ਵਿੱਚ ਖਾਦ ਵੀ ਘੱਟ ਪਾਉਣੀ ਪੈਂਦੀ ਹੈ ਜਿਸ ਕਾਰਨ ਉਸਦੇ ਖੇਤੀ ਖਰਚੇ ਵੀ ਘੱਟ ਹੋਏ ਹਨ। ਕਿਸਾਨ ਗੌਰਵ ਕੁਮਰ ਨੇ ਅੱਗੇ ਦੱਸਿਆ ਕਿ ਉਸਨੇ ਫਸਲੀ ਵਿਭਿੰਨਤਾ ਤਹਿਤ 15 ਏਕੜ ਗੰਨੇ ਦੀ ਕਾਸ਼ਤ ਕੀਤੀ ਹੈ ਅਤੇ ਅਜਿਹਾ ਕਰਨ ਨਾਲ ਉਸਨੂੰ ਮੁਨਾਫਾ ਵੀ ਚੰਗਾ ਹੋ ਜਾਂਦਾ ਹੈ। ਉਸਨੇ ਇੱਕ ਏਕੜ ਵਿੱਚ ਦਾਲਾਂ,ਸਬਜ਼ੀਆਂ,ਤੇਲ ਬੀਜ ਫਸਲਾਂ  ਦੀ ਕਾਸ਼ਤ ਵੀ ਕੀਤੀ ਹੋਈ ਹੈ।ਉਨਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਦਰ ਵਲੋਂ ਹੈਪੀ ਸੀਡਰ ਉਪਲਬਧ ਕਰਵਾਇਆ ਹੈ।ਗੌਰਵ ਕੁਮਾਰ ਨੇ ਦੱਸਿਆ ਕਿ ਗੰਨੇ ਦੀ ਕਟਾਈ ਤੋਂ ਬਾਅਦ ਸਾਰੀ ਖੋਰੀ ਦੀ ਸੰਭਾਲ ਵੀ ਮਲਚਰ ਦੀ ਮਦਦ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਮੋਢੀ ਫਸਲ ਦਾ ਫੁਟਾਰਾ ਜ਼ਿਆਦਾ ਹੋਣ ਦੇ ਨਾਲ ਨਾਲ ਪੈਦਾਵਾਰ ਵਿਚ ਵਾਧਾ ਹੁੰਦਾ ਹੈ।ਗੌਰਵ ਕੁਮਾਰ ਨੇ ਦੱਸਿਆ ਕਿ ਖੇਤੀ ਮਾਹਿਰਾਂ ਅਤੇ ਯੰਗ ਇੰਨੋਵੇਟਿਵ ਫਾਰਮਰਜ਼ ਵਟਸਐਪ ਸਮੂਹ ਵਿਚ ਹੁੰਦੀ ਚਰਚਾ ਤੋਂ ਪ੍ਰੇਰਿਤ ਹੋ ਕੇ ਗੰਨੇ ਦੀ ਕਾਸ਼ਤ ਤੇ ਖੇਤੀ ਲਾਗਤ ਖਰਚੇ ਘਟਾਉਣ ਲਈ ਪਨੀਰੀ ਤਿਆਰ ਕਰਕੇ ਬਿਜਾਈ ਸ਼ੁਰੂ ਕੀਤੀ ਹੈ।
ਕਿਸਾਨ ਗੌਰਵ ਕੁਮਾਰ ਨੇ ਕਿਹਾ ਕਿ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਬਹੁਤ ਹਾਨੀਕਾਰਕ ਹੈ ਅਤੇ ਕਿਸਾਨਾਂ ਨੂੰ ਇਸ ਰੁਝਾਨ ਨੂੰ ਤੁਰੰਤ ਰੋਕ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾÀੇਣ ਦੇ ਬਹੁਤ ਨੁਕਸਾਨ ਹਨ ਜਿਨਾਂ ਦੀ ਭਰਪਾਈ ਸ਼ਾਇਦ ਕਦੀ ਵੀ ਕੀਤੀ ਨਹੀਂ ਜਾ ਸਕਦੀ। ਉਸਨੇ ਦੱਸਿਆ ਕਿ ਉਹ ਖੇਤੀ ਮਾਹਿਰਾਂ ਦੀਆਂ ਸਲਾਹਾਂ ਨੂੰ ਅਪਣਾਅ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਪਹਿਲਾਂ ਦੇ ਮੁਕਾਬਲੇ ਉਸਦੇ ਖੇਤੀ ਖਰਚੇ ਵੀ ਘਟੇ ਹਨ ਅਤੇ ਵੱਧ ਪੈਦਾਵਾਰ ਹੋਣ ਕਾਰਨ ਉਸਦੀ ਆਮਦਨ ਵੀ ਵਧੀ ਹੈ।

© 2016 News Track Live - ALL RIGHTS RESERVED