ਬਾਦਲ ਦੀ ਗੱਡੀ ’ਤੇ ਜੁੱਤੀ ਸੁੱਟ ਕੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਸਿੱਖ ਕਾਰਕੁਨਾਂ ਖ਼ਿਲਾਫ਼ ਚਲਾਨ ਪੇਸ਼

Dec 05 2018 02:36 PM
ਬਾਦਲ ਦੀ ਗੱਡੀ ’ਤੇ ਜੁੱਤੀ ਸੁੱਟ ਕੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਸਿੱਖ ਕਾਰਕੁਨਾਂ ਖ਼ਿਲਾਫ਼  ਚਲਾਨ ਪੇਸ਼

ਸੰਗਰੂਰ:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ’ਤੇ ਜੁੱਤੀ ਸੁੱਟ ਕੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਸਿੱਖ ਕਾਰਕੁਨਾਂ ਖ਼ਿਲਾਫ਼ ਪੁਲਿਸ ਨੇ ਮੰਗਲਵਾਰ ਨੂੰ ਅਡੀਸ਼ਨਲ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ।
ਭਾਵੇਂ ਜਾਂਚ ਮਗਰੋਂ ਪੁਲਿਸ ਨੇ ਕੇਸ ਵਿੱਚੋਂ ਸਿੱਖ ਕਾਰਕੁਨਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਹਟਾ ਲਈ ਹੈ ਪਰ 353, 186, 352, 427,148,149 ਆਈਪੀਸੀ ਤਹਿਤ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਤਹਿਤ ਅਗਲੀ ਸੁਣਵਾਈ 15 ਦਸੰਬਰ 'ਤੇ ਪਾ ਦਿੱਤੀ ਹੈ।
ਇਸ ਕੇਸ ਵਿੱਚ ਛੇ ਸਿੱਖ ਕਾਰਕੁਨ ਭਾਈ ਬਚਿੱਤਰ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ, ਗੁਰਜੰਟ ਸਿੰਘ ਸਥਾਨਕ ਜ਼ਿਲ੍ਹਾ ਜੇਲ੍ਹ ਵਿੱਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਬੰਦ ਹਨ ਜਦੋਂਕਿ ਕੇਸ ਵਿੱਚ ਸ਼ਾਮਲ ਭਾਈ ਅਮਰਜੀਤ ਸਿੰਘ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਜੇਲ੍ਹ ’ਚ ਬੰਦ ਸਿੱਖ ਕਾਰਕੁਨਾਂ ਵੱਲੋਂ ਜ਼ਮਾਨਤ ਲਈ ਲਾਈ ਅਰਜ਼ੀ 27 ਨਵੰਬਰ ਨੂੰ ਐਡੀਸ਼ਨਲ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਸੀ। ਇਸ ਮਗਰੋਂ ਸਿੱਖ ਕਾਰਕੁਨਾਂ ਵੱਲੋਂ ਮੁੜ ਲਾਈ ਜ਼ਮਾਨਤ ਦੀ ਅਰਜ਼ੀ ਇੱਕ ਦਸੰਬਰ ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਵੀ ਖਾਰਜ ਕੀਤੀ ਜਾ ਚੁੱਕੀ ਹੈ।
ਯਾਦ ਰਹੇ ਬੀਤੀ 4 ਅਕਤੂਬਰ ਨੂੰ ਇੱਥੇ ਸੁਖਬੀਰ ਸਿੰਘ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਦਿਆਂ ਸਿੱਖ ਕਾਰਕੁਨਾਂ ਨੇ ਬਾਦਲ ਦੀ ਗੱਡੀ ’ਤੇ ਜੁੱਤੀ ਸੁੱਟੀ ਸੀ। ਸੰਗਰੂਰ ਪੁਲਿਸ ਵੱਲੋਂ ਇਰਾਦਾ ਕਤਲ ਤੇ ਹੋਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਜਾਂਚ ਮਗਰੋਂ ਧਾਰਾ 307 ਹਟਾ ਲਈ ਗਈ ਸੀ।

© 2016 News Track Live - ALL RIGHTS RESERVED