ਸਾਰੀ ਟੀਮ 92 ਦੌੜਾਂ ‘ਤੇ ਹੀ ਢੇਰ ਹੋ ਗਈ

Jan 31 2019 03:04 PM
ਸਾਰੀ ਟੀਮ 92 ਦੌੜਾਂ ‘ਤੇ ਹੀ ਢੇਰ ਹੋ ਗਈ

ਹੈਮਿਲਟਨ:

ਹੈਮਿਲਟਨ ਵਿੱਚ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਬਿਨਾਂ ਖੇਡੇ ਗਏ ਵਨਡੇ ਸੀਰੀਜ਼ ਦੇ ਚੌਥੇ ਮੈਚ ‘ਚ ਟੀਮ ਇੰਡੀਆ ਕੁਝ ਇਸ ਤਰ੍ਹਾਂ ਬਿਖਰੀ ਕਿ ਫੈਨਸ ਨੂੰ ਸ਼ਾਇਦ ਸਮਝ ਹੀ ਨਹੀਂ ਆਇਆ ਹੋਣਾ ਕਿ ਇਹ ਹੋ ਕੀ ਰਿਹਾ ਹੈ। ਬੇਸ਼ੱਕ ਸੀਰੀਜ਼ ‘ਤੇ ਇੰਡੀਅਨ ਟੀਮ ਤਿੰਨ ਮੈਚ ਜਿੱਤ ਕੇ ਕਬਜ਼ਾ ਕਰ ਚੁੱਕੀ ਹੈ ਪਰ ਚੌਥੇ ਮੈਚ ‘ਚ ਇੰਨੀ ਸ਼ਰਮਨਾਕ ਹਾਰ ਦੀ ਉਮੀਦ ਕਿਸੇ ਨੇ ਨਹੀਂ ਕੀਤੀ ਹੋਣੀ।
ਪੰਜ ਮੈਚਾਂ ਦੀ ਸੀਰੀਜ਼ ‘ਚ 3-1 ਨਾਲ ਭਾਰਤੀ ਕ੍ਰਿਕਟ ਟੀਮ ਅੱਗੇ ਹੈ। ਅੱਜ ਦੇ ਮੈਚ ‘ਚ ਸਾਰੀ ਟੀਮ 92 ਦੌੜਾਂ ‘ਤੇ ਹੀ ਢੇਰ ਹੋ ਗਈ। ਵਨਡੇ ਇੰਟਰਨੈਸ਼ਨਲ ‘ਚ ਨਿਊਜ਼ੀਲੈਂਡ ਖਿਲਾਫ ਭਾਰਤ ਦਾ ਇਹ ਦੂਜਾ ਸਭ ਤੋਂ ਘੱਟ ਸਕੋਰ ਹੈ।
ਨਿਊਜ਼ੀਲੈਂਡ ਖਿਲਾਫ ਇਹ ਭਾਰਤੀ ਟੀਮ ਦਾ 105ਵਾਂ ਵਨਡੇ ਮੈਚ ਸੀ। 44 ਸਾਲਾਂ ‘ਚ ਪਹਿਲਾਂ ਵੀ ਭਾਰਤੀ ਟੀਮ ਕੀਵੀਆਂ ਹੱਥੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰ ਚੁੱਕੀ ਹੈ। ਅਗਸਤ 2010 ‘ਚ ਇੰਡੀਅਨ ਕ੍ਰਿਕਟ ਟੀਮ 88 ਦੌੜਾਂ ‘ਤੇ ਆਲ ਆਊਟ ਹੋ ਚੁੱਕੀ ਹੈ।
ਭਾਰਤ ਵੱਲੋਂ ਅੱਜ ਦੇ ਮੈਚ ‘ਚ ਯੁਜਵੇਂਦਰ ਚਹਿਲ ਨੇ ਨਾਬਾਦ 18 ਦੌੜਾਂ ਬਣਾਈਆਂ। ਇੱਕ ਸਮੇਂ ਭਾਰਤ ਦੀ ਟੀਮ 40 ਦੌੜਾਂ ‘ਤੇ 7 ਵਿਕਟਾਂ ਗਵਾ ਚੁੱਕੀ ਸੀ। ਹਾਰਦਿਕ ਪਾਂਡਿਆ ਨੇ ਚਾਰ ਚੌਕੇ ਲਾ 16 ਦੌੜਾਂ ਦੀ ਸਭ ਤੋਂ ਤੇਜ ਪਾਰੀ ਖੇਡੀ। ਇਸ ਤੋਂ ਇਲਾਵਾ ਕੁਲਦੀਪ ਯਾਦਵ ਨੇ 15 ਦੌੜਾਂ ਦੀ ਪਾਰੀ ਖੇਡੀ।
ਗੱਲ ਕਰੀਏ ਅੱਜ ਦੇ ਮੈਚ ਦੇ ਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਤਾਂ ਉਹ 7 ਦੌੜਾਂ ਹੀ ਬਣਾ ਪਾਏ। ਰੋਹਿਤ ਦੇ ਜੋੜੀਦਾਰ ਸ਼ਿਖਰ ਧਵਨ 13 ਦੌੜਾਂ ਤੇ ਆਪਣੇ ਇੰਟਰਨੈਸ਼ਨਲ ਮੈਚ ਦਾ ਡੈਬਿਊ ਕਰਨ ਵਾਲਾ ਸ਼ੁਭਮਨ ਗਿੱਲ 9 ਦੌੜਾਂ ‘ਤੇ ਆਊਟ ਹੋ ਗਏ। ਜਦਕਿ ਅੰਬਤੀ ਰਾਇਡੂ ਤੇ ਦਿਨੇਸ਼ ਕਾਰਤੀਕ ਤਾਂ ਆਪਣਾ ਖਾਤਾ ਹੀ ਨਹੀਂ ਖੋਲ੍ਹ ਸਕੇ।

© 2016 News Track Live - ALL RIGHTS RESERVED