ਦਰਸ਼ਕਾਂ ਨੂੰ ਸਿਰਫ ਉਨ੍ਹਾਂ ਚੈਨਲਾਂ ਦੇ ਹੀ ਪੈਸੇ ਦੇਣੇ ਪੈਣਗੇ, ਜੋ ਉਹ ਦੇਖਦੇ ਹਨ

ਦਰਸ਼ਕਾਂ ਨੂੰ ਸਿਰਫ ਉਨ੍ਹਾਂ ਚੈਨਲਾਂ ਦੇ ਹੀ ਪੈਸੇ ਦੇਣੇ ਪੈਣਗੇ, ਜੋ ਉਹ ਦੇਖਦੇ ਹਨ

ਚੰਡੀਗੜ੍ਹ:

ਪਹਿਲੀ ਫਰਵਰੀ ਤੋਂ ਟ੍ਰਾਈ (TRAI) ਦੇ ਨਵੇਂ ਨਿਯਮ ਲਾਗੂ ਹੋ ਜਾਣਗੇ। ਨਵੇਂ ਨਿਯਮਾਂ ਤਹਿਤ ਟੀਵੀ ਵੇਖਣ ਦਾ ਖਰਚਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਸ਼ਕਾਂ ਨੂੰ ਸਿਰਫ ਉਨ੍ਹਾਂ ਚੈਨਲਾਂ ਦੇ ਹੀ ਪੈਸੇ ਦੇਣੇ ਪੈਣਗੇ, ਜੋ ਉਹ ਦੇਖਦੇ ਹਨ। ਉਨ੍ਹਾਂ ਨੂੰ ਆਪਣੀ ਪਸੰਦ ਦੇ ਚੈਨਲ ਚੁਣਨ ਦਾ ਅਧਿਕਾਰ ਹੋਏਗਾ। ਇਸ ਤਹਿਤ ਹਰ ਬ੍ਰਾਡਕਾਸਟਰ ਨੂੰ ਆਪਣੀ ਵੈੱਬਸਾਈਟ ’ਤੇ ਹਰ ਚੈਨਲ ਦੀ ਕੀਮਤ ਦਿਖਾਉਣੀ ਲਾਜ਼ਮੀ ਹੈ।
ਇਸ ਤੋਂ ਇਲਾਵਾ ਨਵੇਂ ਨਿਯਮਾਂ ਤਹਿਤ ਟ੍ਰਾਈ ਨੇ ਕਿਹਾ ਹੈ ਕਿ ਜੇ ਤੁਹਾਡੇ DTH ਸਰਵਿਸ ਵਿੱਚ ਕਿਸੇ ਕਿਸਮ ਦਾ ਨੁਕਸ ਹੈ ਤੇ 72 ਘੰਟਿਆਂ ਅੰਦਰ ਉਸ ਦਾ ਹੱਲ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਭੁਗਤਾਨ ਕਰਨ ਦੀ ਲੋੜ ਨਹੀਂ। ਟ੍ਰਾਈ ਦੇ ਨਵੇਂ ਨਿਯਮਾਂ ਤਹਿਤ ਕੰਪਨੀ ਨੂੰ ਸਮੇਂ ਸਿਰ ਗਾਹਕਾਂ ਨੂੰ ਸਰਵਿਸ ਦੇਣੀ ਹੀ ਪਏਗੀ।
ਟ੍ਰਾਈ ਦੇ ਨਿਯਮਾਂ ਬਾਅਦ ਸਾਰੇ ਬ੍ਰਾਡਕਾਸਟਰਾਂ ਨੇ ਆਪਣੀਆਂ ਵੈੱਬਸਾਈਟਾਂ ’ਤੇ ਚੈਨਲਾਂ ਦੇ ਰੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇੱਥੋਂ ਗਾਹਕ ਆਪਣੀ ਪਸੰਦ ਦਾ ਪੈਕ ਬਣਾ ਸਕਦੇ ਹਨ। ਇਸ ਤੋਂ ਇਲਾਵਾ ਗਾਹਕ ਬ੍ਰਾਡਕਾਸਟਰ ਵੱਲੋਂ ਬਣਾਇਆ ਪੈਕ ਵੀ ਚੁਣ ਸਕਦੇ ਹਨ। 31 ਜਨਵਰੀ ਤਕ ਪੈਕ ਚੁਣਨ ਦੀ ਆਖਰੀ ਤਾਰੀਖ਼ ਹੈ। ਜੇ ਤੁਸੀਂ ਹਾਲੇ ਤਕ ਕੋਈ ਪੈਕ ਨਹੀਂ ਚੁਣਿਆ ਤਾਂ ਤੁਸੀਂ ਕੰਪਨੀ ਦੇ ਕਸਟਮਰ ਕੇਅਰ ਨੰਬਰ ’ਤੇ ਕਾਲ ਕਰ ਕੇ ਪੈਕੇਜ ਚੁਣ ਸਕਦੇ ਹੋ।
ਨਿਯਮਾਂ ਤਹਿਤ ਦਰਸ਼ਕਾਂ ਨੂੰ 100 ਚੈਨਲਾਂ ਵਾਲਾ ਬੇਸ ਪੈਕ ਦੇਣਾ ਲਾਜ਼ਮੀ ਹੈ। ਇਸ ਵਿੱਚ ਫ੍ਰੀ ਟੂ ਏਅਰ ਚੈਨਲ ਸ਼ਾਮਲ ਹੋਣਗੇ। ਜੀਐਸਟੀ ਸਮੇਤ ਬੇਸ ਪੈਕ ਦੀ ਵੱਧ ਤੋਂ ਵੱਧ ਕੀਮਤ 154 ਰੁਪਏ ਹੈ। ਇਸ ਵਿੱਚ ਦੂਰਦਰਸ਼ਨ ਦੇ 25 ਚੈਨਲ ਜ਼ਰੂਰੀ ਤੌਰ ’ਤੇ ਸ਼ਾਮਲ ਹੋਣਗੇ।
ਬੇਸ ਪੈਕ ਤੋਂ ਇਲਾਵਾ ਜੇ ਤੁਸੀਂ ਹੋਰ ਚੈਨਲ ਲੈਣਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਨੂੰ ਵਾਧੂ ਸਲਾਟ ਲੈਣੀ ਪਏਗੀ। 25 ਚੈਨਲਾਂ ਦੇ ਸਲਾਟ ਦੀ ਕੀਮਤ 20 ਰੁਪਏ ਹੈ। ਇਸ ਨੂੰ ‘ਨੈਟਵਰਕ ਕਪੈਸਿਟੀ ਫੀਸ’ ਦਾ ਨਾਂ ਦਿੱਤਾ ਗਿਆ ਹੈ। ਇੱਕ ਸਲਾਟ ਵਿੱਚ 25 ਤੋਂ ਜ਼ਿਆਦਾ ਚੈਨਲ ਨਹੀਂ ਆ ਸਕਦੇ। ਸਟੈਂਡਰਡ ਡੈਫੀਨੇਸ਼ਨ (SD) ਚੈਨਲਾਂ ਦੀ ਕੀਮਤ ਹਾਈ ਡੈਫੀਨੇਸ਼ਨ (HD) ਚੈਨਲਾਂ ਦੀ ਤੁਲਨਾ ਵਿੱਚ ਘੱਟ ਹੈ। ਬੇਸ ਪੈਕ ਵਿੱਚ SD ਤੇ HD ਦੋਵੇਂ ਤਰ੍ਹਾਂ ਦੇ ਚੈਨਲ ਸ਼ਾਮਲ ਕੀਤੇ ਜਾ ਸਕਦੇ ਹਨ। ਪੇਡ ਚੈਨਲਾਂ ਦੀ ਕੀਮਤ ਬੇਸ ਪੈਕ ਵਿੱਚ ਜੋੜ ਦਿੱਤੀ ਜਾਏਗੀ।

© 2016 News Track Live - ALL RIGHTS RESERVED