ਪੱਗ ਕਦੀ ਨਹੀਂ ਛੱਡ ਸਕਦਾ

Dec 10 2018 02:59 PM
ਪੱਗ ਕਦੀ ਨਹੀਂ ਛੱਡ ਸਕਦਾ

ਚੰਡੀਗੜ੍ਹ:

ਬਾਲੀਵੁੱਡ ਵਿੱਚ ਮੁਕਾਮ ਹਾਸਲ ਕਰਨ ਬਾਅਦ ਪੰਜਾਬੀ ਸਟਾਰ ਦਿਲਜੀਤ ਦੁਸਾਂਝ ਆਪਣੀ ਪਛਾਣ ਨੂੰ ਹੀ ਸਭ ਤੋਂ ਉੱਚਾ ਮੰਨਦਾ ਹੈ। ਹਾਲੀਆ ਇੰਟਰਵਿਊ ਵਿੱਚ ਉਸ ਨੇ ਸਿੱਖ ਸਮਾਜ ਦੀ ਪ੍ਰਤੀਨਿਧਤਾ ਕਰਨ ਤੇ ਆਪਣੀ ਦਿੱਖ ਸਬੰਧੀ ਅਹਿਮ ਖ਼ੁਲਾਸੇ ਕੀਤੇ। ਉਸ ਨੇ ਦੱਸਿਆ ਕਿ ਹਿੰਦੀ ਸਿਨੇਮਾ ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਲਈ ਉਹ ਮਾਣ ਮਹਿਸੂਸ ਕਰਦਾ ਹੈ।
ਉਸ ਨੇ ਕਿਹਾ ਕਿ ਬਹੁਤ ਸਾਰੇ ਲੋਕ ਉਸ ਨੂੰ ਕਹਿੰਦੇ ਹਨ ਕਿ ਉਸ ਨੂੰ ਅਦਾਕਾਰ ਨਹੀਂ ਹੋਣਾ ਚਹੀਦਾ ਕਿਉਂਕਿ ਉਹ ਪੱਗ ਬੰਨ੍ਹਦਾ ਹੈ। ਲੋਕ ਕਹਿੰਦੇ ਹਨ ਕਿ ਜੇ ਉਸ ਨੇ ਫਿਲਮਾਂ ਵਿੱਚ ਕੰਮ ਕਰਨਾ ਹੈ ਤਾਂ ਉਸ ਨੂੰ ਪੱਗ ਛੱਡਣੀ ਪਏਗੀ। ਇਸ ਸਬੰਧੀ ਉਸ ਨੇ ਕਿਹਾ ਕਿ ਉਹ ਫਿਲਮਾਂ ਭਾਵੇਂ ਛੱਡ ਦੇਵੇ, ਪਰ ਪੱਗ ਕਦੀ ਨਹੀਂ ਛੱਡ ਸਕਦਾ।
ਦਿਲਜੀਤ ਨੇ ਦੱਸਿਆ ਕਿ ਬਾਲੀਵੁੱਡ ਵਿੱਚ ਪੈਰ ਧਰਨ ਤੋਂ ਪਹਿਲਾਂ ਉਹ ਸੋਚਦਾ ਸੀ ਕਿ ਪੱਗ ਵਾਲੇ ਸਰਦਾਰ ਜਾਂ ਸਿੱਖ ਹਿੰਦੀ ਸਿਨੇਮਾ ਵਿੱਚ ਸਫਲ ਨਹੀਂ ਹੋ ਸਕਦੇ। ਪਰ ਹੁਣ ਉਸ ਦੇ ਸਟਾਰਡਮ ਨੂੰ ਵੇਖ ਕੇ ਇਹ ਕਹਿਣਾ ਗ਼ਲਤ ਹੋਏਗਾ। ਬਾਲੀਵੁਡ ਫਿਲਮਾਂ ਵਿੱਚ ਉਸ ਨੂੰ ਸਫਲਤਾ ਮਿਲੀ ਹੈ ਤੇ ਧਰਮ ਕਦੀ ਉਸ ਦੇ ਰਾਹ ਦਾ ਰੋੜਾ ਨਹੀਂ ਬਣਿਆ। ਦਿਲਜੀਤ ਨੇ ਫਿਲਮ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਇਸ ਦੇ ਬਾਅਦ ‘ਫਿਲੌਰੀ’ ਤੇ ‘ਸੂਰਮਾ’ ਜਿਹੀਆਂ ਫਿਲਮਾਂ ਨਾਲ ਉਸ ਨੂੰ ਕਾਫੀ ਪਸੰਦ ਕੀਤਾ ਗਿਆ।

© 2016 News Track Live - ALL RIGHTS RESERVED