ਪੰਚਾਇਤੀ ਚੋਣਾਂ 29 ਜਾਂ 30 ਦਸੰਬਰ ਨੂੰ ਹੋਣ ਦੀ ਸੰਭਾਵਨਾ

Dec 07 2018 01:14 PM
ਪੰਚਾਇਤੀ ਚੋਣਾਂ  29 ਜਾਂ 30 ਦਸੰਬਰ ਨੂੰ ਹੋਣ ਦੀ ਸੰਭਾਵਨਾ

ਚੰਡੀਗੜ੍ਹ:

ਪੰਚਾਇਤੀ ਚੋਣਾਂ ਦਾ ਐਲਾਨ ਅੱਜ-ਭਲਕ ਹੋ ਸਕਦਾ ਹੈ। ਚੋਣਾਂ 29 ਜਾਂ 30 ਦਸੰਬਰ ਨੂੰ ਹੋਣ ਦੀ ਸੰਭਾਵਨਾ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਾ ਵਿੱਚ ਕਰਜ਼ ਮਾਫੀ ਪ੍ਰੋਗਰਾਮ ਹੈ। ਇਸ ਸਮਾਗਮ ਮਗਰੋਂ ਪੰਜਾਬ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਕਰ ਸਕਦਾ ਹੈ।
ਯਾਦ ਰਹੇ ਪੰਜਾਬ ਦੀਆਂ 13 ਹਜ਼ਾਰ ਦੇ ਕਰੀਬ ਪੰਚਾਇਤਾਂ ਸਰਕਾਰ ਨੇ 16 ਜੁਲਾਈ ਨੂੰ ਭੰਗ ਕਰ ਦਿੱਤੀਆਂ ਸਨ। ਨਿਯਮਾਂ ਮੁਤਾਬਕ ਪੰਚਾਇਤਾਂ ਭੰਗ ਕਰਨ ਤੋਂ ਛੇ ਮਹੀਨੇ ਅੰਦਰ ਚੋਣਾਂ ਕਰਵਾਉਣੀਆਂ ਹੁੰਦੀਆਂ ਹਨ। ਇਸ ਲਈ ਨਿਯਮਾਂ ਮੁਤਾਬਕ ਭਾਵੇਂ ਚੋਣਾਂ 16 ਜਨਵਰੀ, 2019 ਤੱਕ ਵੀ ਕਰਵਾਈਆਂ ਜਾ ਸਕਦੀਆਂ ਹਨ, ਪਰ ਤਕਨੀਕੀ ਕਾਰਨ ਵੋਟਰ ਸੂਚੀਆਂ ਦਾ ਵੀ ਹੈ, ਕਿਉਂਕਿ 31 ਦਸੰਬਰ ਤੋਂ ਬਾਅਦ ਵੋਟਾਂ ਦੀ ਸੁਧਾਈ ਹੋਣ ਕਰਕੇ ਨਵੀਆਂ ਵੋਟਰ ਸੂਚੀਆਂ ਬਣਨਗੀਆਂ।
ਜੇਕਰ ਅਜਿਹਾ ਅਮਲ ਸ਼ੁਰੂ ਹੁੰਦਾ ਹੈ ਤਾਂ ਇਹ 16 ਜਨਵਰੀ ਤੱਕ ਮੁਕੰਮਲ ਨਹੀਂ ਹੋ ਸਕਦਾ। ਇਸ ਲਈ ਚੋਣਾਂ 29 ਜਾਂ 30 ਦਸੰਬਰ ਨੂੰ ਹੀ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਚੋਣਾਂ ਸਬੰਧੀ ਐਲਾਨ 7 ਦਸੰਬਰ ਨੂੰ ਬਾਅਦ ਦੁਪਹਿਰ ਹੋ ਸਕਦਾ ਹੈ ਜਾਂ ਫਿਰ 8 ਦਸੰਬਰ ਨੂੰ ਹਰ ਹਾਲਤ ਵਿਚ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਪੰਚਾਇਤੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਸਰਕਾਰ ਚੋਣਾਂ ਲਈ ਤਿਆਰ ਹੈ ਤੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਚੋਣ ਜ਼ਾਬਤਾ ਲੱਗ ਜਾਂਦਾ ਹੈ।

© 2016 News Track Live - ALL RIGHTS RESERVED