ਡੋਨਲਡ ਟਰੰਪ ਦੇ ਅਸਤੀਫ਼ੇ ਦੀ ਖ਼ਬਰ ਛਪੀ

Jan 17 2019 03:17 PM
ਡੋਨਲਡ ਟਰੰਪ ਦੇ ਅਸਤੀਫ਼ੇ ਦੀ ਖ਼ਬਰ ਛਪੀ

ਵਾਸ਼ਿੰਗਟਨ:

ਅਮਰੀਕਾ ਵਿੱਚ ਬੁੱਧਵਾਰ ਸਵੇਰੇ ਲੋਕਾਂ ਨੂੰ ਵਾਸ਼ਿੰਗਟਨ ਪੋਸਟ ਅਖ਼ਬਾਰ ਦੀਆਂ ਨਕਲੀ ਕਾਪੀਆਂ ਮੁਫ਼ਤ ’ਚ ਵੰਡੀਆਂ ਗਈਆਂ। ਇਸ ਦੇ ਪਹਿਲੇ ਸਫ਼ੇ ’ਤੇ ਡੋਨਲਡ ਟਰੰਪ ਦੇ ਅਸਤੀਫ਼ੇ ਦੀ ਖ਼ਬਰ ਛਪੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਲੋਕ ਇਸ ਬਾਰੇ ਕੁਝ ਸਮਝ ਪਾਉਂਦੇ ਕਿ ਇਹ ਫਰਜ਼ੀ ਖ਼ਬਰਾਂ ਫੈਲਾਉਣ ਵਾਲਿਆਂ ਦਾ ਪ੍ਰੋਪੇਗੰਡਾ ਹੈ, ਟਰੰਪ ਦੇ ਅਸਤੀਫ਼ੇ ਦੀ ਖ਼ਬਰ ਅੱਗ ਵਾਂਗ ਪੂਰੇ ਦੇਸ਼ ਵਿੱਚ ਫੈਲ ਗਈ। ਸੋਸ਼ਲ ਮੀਡੀਆ ’ਤੇ ਵੀ ਅਖ਼ਬਾਰ ਦੀ ਫੋਟੋ ਨਾਲ ਤੇਜ਼ੀ ਨਾਲ ਖ਼ਬਰ ਵਾਇਰਲ ਹੋ ਗਈ।
ਫ਼ਰਜ਼ੀ ਖ਼ਬਰ ਵਾਇਰਲ ਹੋਣ ਮਗਰੋਂ ਵਾਸ਼ਿੰਗਟਨ ਪੋਸਟ ਨੇ ਖ਼ੁਦ ਟਵਿੱਟਰ ਜ਼ਰੀਏ ਲੋਕਾਂ ਨੂੰ ਦੱਸਿਆ ਕਿ ਫ਼ਰਜ਼ੀ ਖ਼ਬਰਾਂ ਫੈਲਾਉਣ ਲਈ ਅਖ਼ਬਾਰ ਦੀਆਂ ਨਕਲੀ ਕਾਪੀਆਂ ਵੰਡੀਆਂ ਗਈਆਂ ਹਨ। ਅਖ਼ਬਾਰ ਨੇ ਲਿਖਿਆ ਕਿ ਉਨ੍ਹਾਂ ਨੂੰ ਕੁਝ ਵੈਬਸਾਈਟਾਂ ਬਾਰੇ ਪਤਾ ਹੈ ਜੋ ਉਨ੍ਹਾਂ ਦੀ ਨਕਲ ਕਰਦੀਆਂ ਹਨ ਪਰ ਉਨ੍ਹਾਂ ਦੀ ਨਾਲ ਸਬੰਧਤ ਨਹੀਂ ਹਨ। ਅਖ਼ਬਾਰ ਮੁਤਾਬਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਨਕਲੀ ਅਖ਼ਬਾਰ ਦੀ ਖ਼ਾਸ ਗੱਲ ਇਹ ਸੀ ਕਿ ਇਸ ਹਰ ਤਰ੍ਹਾਂ ਨਾਲ ਅਸਲੀ ਵਾਸ਼ਿੰਗਟਨ ਪੋਸਟ ਵਾਂਗ ਲੱਗ ਰਿਹਾ ਸੀ। ਇਸ ਦਾ ਡਿਜ਼ਾਈਨ ਤੇ ਸਾਈਜ਼ ਚੰਗੀ ਤਰ੍ਹਾਂ ਨਕਲ ਕੀਤਾ ਗਿਆ ਸੀ। 6 ਕਾਲਮਾਂ ’ਚ ਬਣੀ ਪਹਿਲੀ ਸੁਰਖ਼ੀ ਵਿੱਚ ਲਿਖਿਆ ਸੀ,‘ਅਨਪ੍ਰੈਜ਼ੀਡੈਂਟਿਡ’ ਯਾਨੀ ਰਾਸ਼ਟਰਪਤੀ ਅਹੁਦੇ ਤੋਂ ਹਟਣਾ। ਇਸ ਹੈਡਲਾਈਨ ਨਾਲ ਰਾਸ਼ਟਰਪਤੀ ਟਰੰਪ ਦੀ ਗੁੱਸੇ ਵਿੱਚ ਸਿਰ ਝੁਕਾਏ ਹੋਏ ਫੋਟੋ ਛਾਪੀ ਗਈ ਸੀ।
ਅਖ਼ਬਾਰ ਦੇ ਨਾਲ-ਨਾਲ ਨਕਲੀ ਅਖ਼ਬਾਰ ਵੰਡਣ ਵਾਲੀ ਮਹਿਲਾ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਇੱਕ ਮਹਿਲਾ ਨੂੰ ਵ੍ਹਾਈਟ ਹਾਊਸ ਦੇ ਬਾਹਰ ਅਖ਼ਬਾਰ ਦੀਆਂ ਨਕਲੀ ਕਾਪੀਆਂ ਵੰਡਦੇ ਵੇਖਿਆ ਜਾ ਸਕਦਾ ਹੈ। ਉਹ ਇਸ ਨੂੰ ਵਾਸ਼ਿੰਗਟਨ ਪੋਸਟ ਦਾ ਸਪੈਸ਼ਲ ਐਡੀਸ਼ਨ ਆਖ ਤੇ ਮੁਫ਼ਤ ਵਿੱਚ ਵੰਡ ਰਹੀ ਸੀ।

© 2016 News Track Live - ALL RIGHTS RESERVED