ਅੱਜ ਦੇਸ਼ ਪੀਐਮ ਮੋਦੀ ਤੇ ਬੀਜੇਪੀ ਤੋਂ ਖ਼ੁਸ਼ ਨਹੀਂ

ਅੱਜ ਦੇਸ਼ ਪੀਐਮ ਮੋਦੀ ਤੇ ਬੀਜੇਪੀ ਤੋਂ ਖ਼ੁਸ਼ ਨਹੀਂ

ਨਵੀਂ ਦਿੱਲੀ:

ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਕਾਂਗਰਸ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਇਸ ਜਿੱਤ ਤੋਂ ਬਾਅਦ ਪਾਰਟੀ ਵਿੱਚ ਵੱਖਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਤਿੰਨਾਂ ਸੂਬਿਆਂ ਵਿੱਚ ਪ੍ਰਚਾਰ ਤੋਂ ਦੂਰ ਰਹੀ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਨੂੰ ਬੀਜੇਪੀ ਦੀ ਨਕਾਰਾਤਮਕ ਸਿਆਸਤ ’ਤੇ ਕਾਂਗਰਸ ਦੀ ਜਿੱਤ ਕਰਾਰ ਦਿੱਤਾ ਹੈ।
ਕੱਲ੍ਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਅੱਜ ਦੇਸ਼ ਪੀਐਮ ਮੋਦੀ ਤੇ ਬੀਜੇਪੀ ਤੋਂ ਖ਼ੁਸ਼ ਨਹੀਂ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਲੜਾਈ ਬੀਜੇਪੀ ਦੀ ਵਿਚਾਰਧਾਰਾ ਨਾਲ ਹੈ। ਉਨ੍ਹਾਂ ਅੱਜ ਬੀਜੇਪੀ ਨੂੰ ਹਰਾਇਆ ਹੈ ਤੇ 2019 ਵਿੱਚ ਵੀ ਇਸੇ ਤਰ੍ਹਾਂ ਹਰਾਉਣਗੇ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਪਾਰਟੀ ‘ਮੁਕਤ’ ਕਰਾਉਣ ਦੀ ਵਿਚਾਰਧਾਰਾ ਵਿੱਚ ਯਕੀਨ ਨਹੀਂ ਰੱਖਦੀ। ਵਿਰੋਧੀ ਨੂੰ ਖ਼ਤਮ ਕਰਨ ਦੀ ਸੋਚ ਬੀਜੇਪੀ ਦੀ ਹੈ, ਉਨ੍ਹਾਂ ਦੀ ਨਹੀਂ।
ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ 114 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਤੇ ਉਸ ਨੂੰ ਸੱਤ ਹੋਰ ਵਿਧਾਇਕਾਂ ਦਾ ਸਮਰਥਨ ਹਾਸਲ ਹੋਇਆ ਹੈ। ਬੀਜੇਪੀ ਨੂੰ ਇੱਥੇ ਕਾਂਗਰਸ ਦੇ ਮੁਕਾਬਲੇ 5 ਸੀਟਾਂ ਘੱਟ ਮਿਲੀਆਂ ਹਨ। ਛੱਤੀਸਗੜ੍ਹ ਵਿੱਚ 15 ਸਾਲਾਂ ਬਾਅਦ ਕਾਂਗਰਸ ਨੇ ਵਾਪਸੀ ਕੀਤੀ। ਇੱਥੇ ਪਾਰਟੀ ਨੇ 58 ਸੀਟਾਂ ਹਾਸਲ ਕੀਤੀਆਂ। ਰਾਜਸਥਾਨ ਵਿੱਚ ਕਾਂਗਰਸ ਗਠਜੋੜ ਨੇ 100 ਸੀਟਾਂ ’ਤੇ ਕਬਜ਼ਾ ਕੀਤਾ। ਇਕੱਲੀ ਕਾਂਗਰਸ ਨੇ 99 ਸੀਟਾਂ ਹਾਸਲ ਕੀਤੀਆਂ। ਬੀਜੇਪੀ ਦੇ ਖ਼ਾਤੇ ਸਿਰਫ 73 ਸੀਟਾਂ ਆਈਆਂ। ਮਿਜ਼ੋਰਮ ਤੇ ਤੇਲੰਗਾਨਾ ਵਿੱਚ ਕਾਂਗਰਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

© 2016 News Track Live - ALL RIGHTS RESERVED