ਦੋ ਤਸਕਰਾਂ ਕੋਲੋਂ ਪਾਕਿਸਤਾਨ ਤੋਂ ਭਾਰਤ ਲਿਆਂਦੀ ਚਾਰ ਕਿੱਲੋ ਹੈਰੋਇਨ ਬਰਾਮਦ

Dec 13 2018 03:19 PM
ਦੋ ਤਸਕਰਾਂ ਕੋਲੋਂ ਪਾਕਿਸਤਾਨ ਤੋਂ ਭਾਰਤ ਲਿਆਂਦੀ ਚਾਰ ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ:

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਬੀਤੀ ਰਾਤ ਦੋ ਤਸਕਰਾਂ ਕੋਲੋਂ ਪਾਕਿਸਤਾਨ ਤੋਂ ਭਾਰਤ ਲਿਆਂਦੀ ਚਾਰ ਕਿੱਲੋ ਹੈਰੋਇਨ ਬਰਾਮਦ ਕੀਤੀ। ਪੁਲਿਸ ਨੂੰ ਇਨ੍ਹਾਂ ਤਸਕਰਾਂ ਕੋਲੋਂ ਪਾਕਿਸਤਾਨੀ ਮੋਬਾਈਲ, ਸਿੰਮ ਤੇ ਪਿਸਤੌਲ ਵੀ ਮਿਲਿਆ। ਪੁਲਿਸ ਮੁਤਾਬਕ ਦੋਵਾਂ ਤਸਕਰਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਨੇ ਗੋਲੀ ਚਲਾ ਦਿੱਤੀ। ਇਸ ਮਗਰੋਂ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਅਮਰਜੀਤ ਸਿੰਘ ਬਾਜਵਾ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਬੀਤੀ ਰਾਤ ਸਰਹੱਦ ਨੇੜੇ ਸਤਲਾਣੀ ਪੁਲ ਕੋਲ ਨਾਕਾਬੰਦੀ ਕੀਤੀ। ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਵਾਂ ਨੇ ਪੁਲਿਸ ਪਾਰਟੀ 'ਤੇ ਫਾਇਰ ਕਰ ਦਿੱਤਾ। ਗ੍ਰਿਫਤਾਰ ਕੀਤੇ ਗਏ ਲੜਕਿਆਂ ਦੀ ਉਮਰ ਚੌਵੀ ਸਾਲ ਦੇ ਕਰੀਬ ਹੈ। ਉਨ੍ਹਾਂ ਦੀ ਪਛਾਣ ਬਸੰਤ ਸਿੰਘ ਤੇ ਮਨਜਿੰਦਰ ਸਿੰਘ ਵਜੋਂ ਹੋਈ। ਦੋਵੇਂ ਹੀ ਰਾਜਾਤਾਲ ਪਿੰਡ ਦੇ ਹਨ।
ਕਾਊਂਟਰ ਇੰਟੈਲੀਜੈਂਸ ਮੁਤਾਬਕ ਇਹ ਪਾਕਿਸਤਾਨ ਵਿੱਚ ਹਰੂਨ ਮਸੀਹ ਨਾਮ ਦੇ ਕਿੰਗਪਿਨ ਅਧੀਨ ਕੰਮ ਕਰਦੇ ਸਨ। ਹਾਰੂਨ ਮਸੀਹ ਲਾਹੌਰ ਦਾ ਰਹਿਣ ਵਾਲਾ ਹੈ ਤੇ ਸਰਹੱਦ ਰਾਹੀਂ ਉਸ ਨੇ ਇਹ ਹੈਰੋਇਨ ਦੀ ਖੇਪ ਪਾਰ ਕਰਵਾਈ ਸੀ ਕਿਉਂਕਿ ਰਾਜਾਤਾਲ ਪਿੰਡ ਜਿੱਥੋਂ ਦੇ ਇਹ ਰਹਿਣ ਵਾਲੇ ਹਨ, ਬਿਲਕੁਲ ਸਰਹੱਦ ਨੇੜੇ ਹੈ। ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਇਨ੍ਹਾਂ ਕੋਲੋਂ ਪੁੱਛਗਿਛ ਦੌਰਾਨ ਹੋਰ ਖੁਲਾਸੇ ਕਰ ਸਕਦੀ ਹੈ।

© 2016 News Track Live - ALL RIGHTS RESERVED