ਬੱਲੇਬਾਜ਼ੀ ਕਰਦਿਆਂ ਮੈਂ ਸੈਂਕੜੇ ਜਾਂ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਦਾ

Oct 31 2018 03:35 PM
ਬੱਲੇਬਾਜ਼ੀ ਕਰਦਿਆਂ ਮੈਂ ਸੈਂਕੜੇ ਜਾਂ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਦਾ

ਮੁੰਬਈ— 

ਵਨ ਡੇ ਕ੍ਰਿਕਟ ਵਿਚ ਤਿੰਨ ਦੋਹਰੇ ਸੈਂਕੜਿਆਂ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਭਾਰਤੀ ਓਪਨਰ ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਵਿਰੁੱਧ ਚੌਥੇ ਵਨ ਡੇ ਵਿਚ 162 ਦੌੜਾਂ ਬਣਾਉਣ ਤੋਂ ਬਾਅਦ ਕਿਹਾ ਕਿ ਉਸ ਨੇ ਅਜੇ ਚੌਥੇ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਿਆ।
137 ਗੇਂਦਾਂ 'ਤੇ 166 ਦੌੜਾਂ ਦੀ ਬਿਹਤਰੀਨ ਪਾਰੀ ਨਾਲ 'ਮੈਨ ਆਫ ਦਿ ਮੈਚ' ਬਣੇ ਓਪਨਰ ਰੋਹਿਤ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ''ਬੱਲੇਬਾਜ਼ੀ ਕਰਦਿਆਂ ਮੈਂ ਸੈਂਕੜੇ ਜਾਂ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਦਾ। ਮੈਂ ਸਿਰਫ ਬੱਲੇਬਾਜ਼ੀ ਕਰਨ ਉਤਰਦਾ ਹਾਂ, ਦੌੜਾਂ ਬਣਾਉਣਾ ਚਾਹੁੰਦਾ ਹਾਂ ਤੇ ਟੀਮ ਨੂੰ ਚੰਗੇ ਸਕੋਰ ਤਕ ਲਿਜਾਣਾ ਚਾਹੁੰਦਾ ਹਾਂ।'' ਰੋਹਿਤ ਨੇ ਕਿਹਾ, ''ਮੈਂ ਜਿਹੜੇ ਤਿੰਨ ਦੋਹਰੇ ਸੈਂਕੜੇ ਬਣਾਏ ਸਨ, ਮੈਂ ਕਦੇ ਵੀ ਉਨ੍ਹਾਂ ਬਾਰੇ ਨਹੀਂ ਸੋਚਿਆ ਸੀ। ਜਦੋਂ ਮੈਂ ਇਸ ਮੈਚ ਵਿਚ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਮੇਰੇ ਜੋੜੀਦਾਰ ਅੰਬਾਤੀ ਰਾਇਡੂ ਨੇ ਮੈਨੂੰ ਕਿਹਾ ਸੀ ਕਿ ਮੈਂ ਚੌਥਾ ਦੋਹਰਾ ਸੈਂਕੜਾ ਬਣਾ ਸਕਦਾ ਹਾਂ ਪਰ ਮੈਂ ਸਿਰਫ ਆਪਣੀ ਬੱਲੇਬਾਜ਼ੀ 'ਤੇ ਧਿਆਨ ਦੇ ਰਿਹਾ ਸੀ ਤੇ ਮੈਂ ਦੋਹਰੇ ਸੈਂਕੜੇ ਬਾਰੇ ਕੁਝ ਨਹੀਂ ਸੋਚਿਆ।''
ਓਪਨਰ ਨੇ ਨਾਲ ਹੀ ਕਿਹਾ ਕਿ ਉਸ ਦੀ ਤੇ ਰਾਇਡੂ ਦੀ ਦੋਹਰੇ ਸੈਂਕੜੇ ਵਾਲੀ ਸਾਂਝੇਦਾਰੀ ਨੇ ਮੈਚ ਦਾ ਪਾਸਾ ਬਦਲ ਦਿੱਤਾ। ਰੋਹਿਤ ਨੇ ਕਿਹਾ, ''ਦੋ ਵਿਕਟਾਂ ਜਲਦ ਡਿੱਗਣ ਤੋਂ ਬਾਅਦ ਅਸੀਂ ਬਿਹਤਰ ਖੇਡ ਦਿਖਾਈ। ਮੇਰੇ ਤੇ ਰਾਇਡੂ ਵਿਚਾਲੇ 211 ਦੌੜਾਂ ਦੀ ਵੱਡੀ ਸਾਂਝੇਦਾਰੀ ਨੇ ਮੈਚ ਦਾ ਪਾਸਾ ਬਦਲ ਦਿੱਤਾ। ਸਾਰੇ ਚਾਰ ਮੈਚਾਂ ਵਿਚ ਅਸੀਂ ਵੱਡੀਆਂ ਸਾਂਝੇਦਾਰੀਆਂ ਕੀਤੀਆਂ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਮੁਕਾਬਲੇ ਵਿਚ ਬਣੇ ਹੋਏ ਹਾਂ ਤੇ ਵੱਡੇ ਸਕੋਰ ਬਣਾ ਰਹੇ ਹਾਂ। ਅਸੀਂ ਸਾਂਝੇਦਾਰੀ ਦਾ ਮਹੱਤਵ ਸਮਝਦੇ ਹਾਂ। ਜਦੋਂ ਤੁਸੀਂ ਇਕ ਵਾਰ ਵਿਕਟ 'ਤੇ ਟਿਕ ਜਾਂਦੇ ਹੋ ਤਾਂ ਤੁਹਾਨੂੰ ਵੱਡੀ ਸਾਂਝੇਦਾਰੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।''

© 2016 News Track Live - ALL RIGHTS RESERVED