ਮਰਨ ਵਾਲਿਆਂ ਵਿੱਚ ਤਿੰਨ ਭਾਰਤੀ ਵੀ ਸ਼ਾਮਲ

Apr 22 2019 04:47 PM
ਮਰਨ ਵਾਲਿਆਂ ਵਿੱਚ ਤਿੰਨ ਭਾਰਤੀ ਵੀ ਸ਼ਾਮਲ

ਚੰਡੀਗੜ੍ਹ:

ਸ੍ਰੀਲੰਕਾ ਵਿੱਚ ਅੱਜ ਈਸਾਈ ਧਰਮ ਦੇ ਪ੍ਰਸਿੱਧ ਤਿਓਹਾਰ ਈਸਟਰ ਮੌਕੇ ਲੜੀਵਾਰ 8 ਧਮਾਕੇ ਹੋਏ। ਇਨ੍ਹਾਂ ਧਮਾਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 207 ਤਕ ਪਹੁੰਚ ਗਈ ਹੈ ਤੇ 450 ਦੇ ਕਰੀਬ ਜ਼ਖ਼ਮੀ ਹਨ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਾਣਕਾਰੀ ਦਿੱਤੀ ਹੈ ਕਿ ਮਰਨ ਵਾਲਿਆਂ ਵਿੱਚ ਤਿੰਨ ਭਾਰਤੀ ਵੀ ਸ਼ਾਮਲ ਸਨ। ਸੁਸ਼ਮਾ ਸਵਰਾਜ ਮੁਤਾਬਕ ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਨੈਸ਼ਨਲ ਹਸਪਤਾਲ ਨੇ ਉਨ੍ਹਾਂ ਨੂੰ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਬਾਰੇ ਸੂਚਿਤ ਕੀਤਾ ਹੈ।
ਧਮਾਕਿਆਂ ਵਿੱਚ ਮਰਨ ਵਾਲਿਆਂ 'ਚ ਕਾਫੀ ਗਿਣਤੀ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਹਮਲੇ ਬਾਅਦ ਹਰ ਪਾਸੇ ਮਾਤਮ ਪਸਰਿਆ ਹੈ। ਅਗਲੇ ਹਮਲਿਆਂ ਦੇ ਖ਼ਦਸ਼ੇ ਦੇ ਮੱਦੇਨਜ਼ਰ ਸੁਰੱਖਿਆ ਵਜੋਂ ਕਰਫਿਊ ਲਾ ਦਿੱਤਾ ਗਿਆ ਹੈ। ਰਾਤ ਦੀਆਂ ਰੇਲ ਸੇਵਾਵਾਂ ਵੀ ਰੋਕ ਦਿੱਤੀਆਂ ਗਈਆਂ ਹਨ। ਸੋਸ਼ਲ ਮੀਡੀਆ 'ਤੇ ਵੀ ਪਾਬੰਧੀ ਲਾਈ ਗਈ ਹੈ। ਪੁਲਿਸ ਨੇ ਹੁਣ ਤਕ 7 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸ੍ਰੀਲੰਕਾ ਵਿੱਚ ਸਵੇਰੇ ਪਹਿਲਾਂ ਲਗਾਤਾਰ ਛੇ ਧਮਾਕੇ ਹੋਏ ਤੇ ਬਾਅਦ ਵਿੱਚ ਦੋ ਧਮਾਕੇ ਸ਼ਾਮੀਂ ਹੋਏ। ਪਹਿਲਾ ਹਮਲਾ ਸਵੇਰੇ ਕਰੀਬ 9 ਵਜੇ ਹੋਇਆ ਤੇ ਆਖ਼ਰੀ 3 ਵਜੇ। ਇਨ੍ਹਾਂ ਧਮਾਕਿਆਂ ਦੀ ਹਾਲੇ ਤਕ ਕਿਸੇ ਵੀ ਦਹਿਸ਼ਤੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ। ਸਵੇਰੇ ਇਹ ਧਮਾਕੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੇ ਬੱਟੀਕੋਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵਾਪਰੇ।
ਸ੍ਰੀਲੰਕਾਈ ਮੀਡੀਆ ਰਿਪੋਰਟਾਂ ਮੁਤਾਬਕ ਗਿਰਜਾਘਰਾਂ ਵਿੱਚ ਈਸਟਰ ਪ੍ਰਾਰਥਨਾ ਸਭਾ ਹੋ ਰਹੀ ਸੀ ਜਦੋਂ ਇਹ ਧਮਾਕੇ ਹੋਏ। ਤਿੰਨ ਚਰਚ ਤੋਂ ਇਲਾਵਾ ਤਿੰਨ ਪੰਜ ਸਿਤਾਰਾ ਹੋਟਲਾਂ 'ਚ ਵੀ ਧਮਾਕੇ ਹੋਏ ਹਨ। ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ। ਭਾਰਤੀ ਦੂਤ ਘਰ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਘਟਨਾ ਸਥਾਨਾਂ 'ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।

© 2016 News Track Live - ALL RIGHTS RESERVED