'ਸ਼ਾਦੀ ਡਾਟ ਕਾਮ' 'ਤੇ ਲੱਖਾਂ ਦੀ ਚੋਰੀ ਕਰ ਫਰਾਰ

'ਸ਼ਾਦੀ ਡਾਟ ਕਾਮ' 'ਤੇ ਲੱਖਾਂ ਦੀ ਚੋਰੀ ਕਰ ਫਰਾਰ

ਚੰਡੀਗੜ੍ਹ:

ਵਿਆਹ ਦੇ ਨਾਂ 'ਤੇ ਲਾੜੇ ਨੇ ਨਾ ਸਿਰਫ ਡਾਕਟਰ ਕੁੜੀ ਨੂੰ ਧੋਖਾ ਦਿੱਤਾ ਬਲਕਿ ਤੋਹਫ਼ੇ ਵਿੱਚ ਮਿਲੇ ਕੀਮਤੀ ਸਾਮਾਨ ਦੇ ਨਾਲ-ਨਾਲ ਆਪਣੇ ਸਹੁਰੇ ਪਰਿਵਾਰ ਦੇ ਸੋਨੇ ਤੇ ਕੈਸ਼ 'ਤੇ ਵੀ ਹੱਥ ਸਾਫ ਕਰ ਫਰਾਰ ਹੋ ਗਿਆ। ਇਸ ਤੋਂ ਪਹਿਲਾਂ ਕੁੜੀ ਵਾਲਿਆਂ ਨੂੰ ਪਤਾ ਲੱਗਦਾ ਉਨ੍ਹਾਂ ਦਾ ਜਵਾਈ ਸਾਰਾ ਪੈਸਾ-ਟਕਾ ਤੇ ਗਹਿਣਾ-ਗੱਟਾ ਲੁੱਟ ਕੇ ਰਫੂ ਚੱਕਰ ਹੋ ਚੁੱਕਾ ਸੀ।
ਪੰਚਕੂਲਾ ਦੀ ਦੰਦਾਂ ਦੀ ਡਾਕਟਰ ਮੁਟਿਆਰ ਦਾ ਸੰਪਰਕ ਆਨਲਾਈਨ ਮੈਟਰੀਮੋਨੀਅਲ ਵੈੱਬਸਾਈਟ 'ਸ਼ਾਦੀ ਡਾਟ ਕਾਮ' ਰਾਹੀਂ ਸੋਨੀਪਤ ਦੇ ਰਵੀ ਕੁਮਾਰ ਨਾਲ ਹੋਇਆ। ਰਵੀ ਨੇ ਡਾਕਟਰ ਸਾਹਮਣੇ ਖ਼ੁਦ ਨੂੰ ਰੱਜਿਆ ਪੁੱਜਿਆ ਦੱਸਣ ਦੇ ਨਾਲ-ਨਾਲ ਖ਼ੁਦ ਨੂੰ ਅਨਾਥ ਦੱਸਿਆ। ਉਸ ਨੇ ਕਿਹਾ ਕਿ ਉਸ ਦੀਆਂ ਦੋ ਭੈਣਾਂ ਤੇ ਭਰਾ ਹਨ ਤੇ ਸਾਰਾ ਕੁਝ ਜਚਾ ਦਿੱਤਾ ਤਾਂ ਡਾਕਟਰ ਦੇ ਮਾਪਿਆਂ ਨੇ ਆਪਣੀ ਧੀ ਦਾ ਵਿਆਹ ਉਸ ਨਾਲ ਕਰਨ ਦਾ ਫੈਸਲਾ ਕਰ ਲਿਆ।
ਛੇ ਮਈ ਨੂੰ ਵਿਆਹ ਤੈਅ ਸੀ, ਪੰਚਕੂਲਾ ਵਿੱਚ ਹੋਟਲ ਬੁੱਕ ਸੀ, ਪਰ ਨੌਸਰਬਾਜ਼ ਲਾੜਾ ਇਕੱਲਾ ਹੀ ਉੱਥੇ ਆ ਗਿਆ। ਆਪਣੇ ਹੋਣ ਵਾਲੇ ਸਹੁਰਾ ਪਰਿਵਾਰ ਨੂੰ ਰਵੀ ਕੁਮਾਰ ਕਹਿਣ ਲੱਗਾ ਕਿ ਉਸ ਦੇ ਭੈਣ-ਭਰਾ ਤਿੰਨ-ਚਾਰ ਘੰਟਿਆਂ ਵਿੱਚ ਆ ਜਾਣਗੇ। ਵਾਰ-ਵਾਰ ਫ਼ੋਨ 'ਤੇ ਅਪਡੇਟ ਲੈਣ ਬਹਾਨੇ ਗੱਲ ਕਰਦਾ ਰਿਹਾ ਅਤੇ ਇਸੇ ਦੌਰਾਨ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਗੱਲਾਂ ਵਿੱਚ ਲਾ ਕੇ ਮੰਗਣੀ ਕਰਨ ਲਈ ਮਨਾ ਲਿਆ।
ਕੁੜੀ ਵਾਲਿਆਂ ਨੇ ਰਵੀ ਕੁਮਾਰ ਨੂੰ ਲੱਖਾਂ ਰੁਪਏ ਦੀ ਹੀਰੇ ਦੀ ਮੁੰਦਰੀ ਪਾਈ, ਗਲ਼ ਲਈ ਸੋਨੇ ਦੀ ਚੇਨੀ, 50,000 ਸ਼ਗਨ ਤੇ ਹੋਰ ਵੀ ਕਈ ਮਹਿੰਗੇ ਤੋਹਫ਼ੇ ਦਿੱਤੇ। ਫੇਰਿਆਂ ਤੋਂ ਪਹਿਲਾਂ ਜਦ ਪਰਿਵਾਰਕ ਮੈਂਬਰ ਰਾਤ ਨੂੰ ਕਮਰਿਆਂ ਵਿੱਚ ਥੋੜ੍ਹਾ ਆਰਾਮ ਕਰਨ ਲਈ ਚਲੇ ਗਏ ਤਾਂ ਨੌਸਰਬਾਜ਼ ਲਾੜੇ ਨੇ ਹੱਥ ਸਾਫ ਕਰ ਦਿੱਤਾ।
ਇਸ ਗੱਲ ਦਾ ਪਤਾ ਉਦੋਂ ਲੱਗਾ ਜਦ ਫੇਰਿਆਂ ਲਈ ਸੱਦਾ ਦੇਣ ਗਏ ਲੜਕੀ ਵਾਲਿਆਂ ਨੂੰ ਰਵੀ ਕੁਮਾਰ ਕਮਰੇ ਵਿੱਚ ਨਾ ਲੱਭਾ। ਕੁੜੀ ਨੇ ਫੋਨ ਕੀਤਾ ਤਾਂ ਉਸ ਨੇ ਨਾ ਚੁੱਕਿਆ ਅਤੇ ਕੁਝ ਸਮੇਂ ਬਾਅਦ ਫ਼ੋਨ ਬੰਦ ਹੋ ਗਿਆ। ਲੜਕੀ ਵਾਲਿਆਂ ਨੇ ਜਦ ਕਮਰਿਆਂ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਾ ਕਿ ਸਾਰੇ ਮਹਿੰਗੇ ਤੋਹਫ਼ੇ ਤੇ ਕੈਸ਼ ਗ਼ਾਇਬ ਹੈ ਤੇ ਪਾਰਕਿੰਗ 'ਚ ਨੌਸਰਬਾਜ਼ ਦੀ ਕਾਰ ਵੀ ਗ਼ਾਇਬ ਸੀ। ਹੁਣ, ਨੌਸਰਬਾਜ਼ ਲਾੜੇ 'ਤੇ ਕੇਸ ਦਰਜ ਹੋ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਪੰਚਕੂਲਾ ਦੇ ਸੈਕਟਰ ਪੰਜ ਥਾਣੇ ਦੀ ਪੁਲਿਸ ਕਰ ਰਹੀ ਹੈ।

© 2016 News Track Live - ALL RIGHTS RESERVED