ਭਾਜਪਾ ਵਿਨੋਦ ਖੰਨਾ ਦੇ ਪੁੱਤਰ ਅਕਸ਼ੈ ਖੰਨਾ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ

Mar 14 2019 02:56 PM
ਭਾਜਪਾ ਵਿਨੋਦ ਖੰਨਾ ਦੇ ਪੁੱਤਰ ਅਕਸ਼ੈ ਖੰਨਾ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ

ਚੰਡੀਗੜ੍ਹ:

ਅਕਾਲੀ ਭਾਜਪਾ ਗਠਜੋੜ ਦਰਮਿਆਨ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਉਂਦੀ ਹੈ। ਪਾਰਟੀ ਪਿਛਲੇ ਲੰਮੇ ਸਮੇਂ ਤੋਂ ਇੱਥੋਂ ਕੋਈ ਨਾ ਕੋਈ ਫ਼ਿਲਮੀ ਹਸਤੀ ਉਤਾਰਦੀ ਹੈ ਤੇ ਜਿੱਤ ਦਰਜ ਕਰਦੀ ਹੈ। ਵਿਨੋਦ ਖੰਨਾ ਇੱਥੋਂ ਖੜ੍ਹਦੇ ਤੇ ਜਿੱਤਦੇ ਆਏ ਹਨ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਸੀਟ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਮੱਲ ਲਈ। ਅਜਿਹੇ ਵਿੱਚ ਚਰਚਾਵਾਂ ਸਨ ਕਿ ਬੀਜੇਪੀ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਵਾ ਸਕਦੀ ਹੈ, ਪਰ ਹੁਣ ਅਜਿਹਾ ਨਹੀਂ ਹੋ ਰਿਹਾ।
ਅਕਾਲੀ-ਭਾਜਪਾ ਲਈ ਕਈ ਵਾਰ ਚੋਣ ਪ੍ਰਚਾਰ ਕਰ ਚੁੱਕੇ ਵਾਲੇ ਸੰਨੀ ਦਿਓਲ ਦੀ ਇਸ ਵਾਰ ਖ਼ੁਦ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਦੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ। ਪਰ ਅਜਿਹਾ ਨਹੀਂ ਹੋਇਆ, ਇਸ ਲਈ ਉਨ੍ਹਾਂ ਦੀ ਥਾਂ ਭਾਜਪਾ ਵਿਨੋਦ ਖੰਨਾ ਦੇ ਪੁੱਤਰ ਅਕਸ਼ੈ ਖੰਨਾ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਜੇਪੀ ਜਲਦ ਹੀ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਦੀਆਂ ਤਿੰਨਾਂ ਸੀਟਾਂ ਦੇ ਉਮੀਦਵਾਰ ਜਲਦ ਹੀ ਐਲਾਨ ਸਕਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਗੁਰਦਾਸਪੁਰ ਵਿੱਚ ਵਿਨੋਦ ਖੰਨਾ ਪਰਿਵਾਰ ਦੀ ਚੰਗੀ ਪੈਂਠ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇੱਕ ਬੀਜੇਪੀ ਨੇਤਾ ਨੇ ਦਾਅਵਾ ਕੀਤਾ ਸੀ ਕਿ ਜੇਕਰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਕੋਈ ਇਤਰਾਜ਼ ਨਹੀਂ ਤਾਂ ਅਕਸ਼ੈ ਖੰਨਾ ਨੂੰ ਟਿਕਟ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੰਨ 1998, 1999, 2004 ਤੇ 2014 ਵਿੱਚ ਵਿਨੋਦ ਖੰਨਾ ਨੇ ਗੁਰਦਾਸਪੁਰ ਲੋਕ ਸਭਾ ਚੋਣ ਜਿੱਤੀ ਸੀ, ਪਰ ਸਾਲ 2009 ਵਿੱਚ ਉਹ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਹੱਥੋਂ ਹਾਰ ਗਏ ਸਨ। ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਹੀ ਗੁਰਦਾਸਪੁਰ ਦੇ ਮੁੜ ਤੋਂ ਉਮੀਦਵਾਰ ਹੋਣਗੇ। ਇਸ ਨੂੰ ਕਾਬੂ ਕਰਨ ਲਈ ਬੀਜੇਪੀ ਨੂੰ ਨਵਾਂ ਤੇ ਮਜ਼ਬੂਤ ਚਿਹਰਾ ਲੋੜੀਂਦਾ ਹੈ ਤੇ ਵਿਨੋਦ ਖੰਨਾ ਦਾ ਪੁੱਤਰ ਚੰਗਾ ਵਿਕਲਪ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ ਅਕਸ਼ੈ ਕਾਂਗਰਸ ਦੇ ਸੁਨੀਲ ਜਾਖੜ ਲਈ ਵੱਡੀ ਚੁਣੌਤੀ ਬਣ ਸਕਦੇ ਹਨ। ਹਾਲਾਂਕਿ, ਵਿਨੋਦ ਖੰਨਾ ਦੇ ਅਕਾਲ ਚਲਾਣੇ ਮਗਰੋਂ ਗੁਰਦਾਸਪੁਰ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਵੀ ਮੁੜ ਤੋਂ ਆਪਣੀ ਦਾਅਵੇਦਾਰੀ ਜਤਾ ਰਹੇ ਹਨ, ਪਰ ਪਾਰਟੀ ਦਾ ਉਨ੍ਹਾਂ ਨਾਲ ਤਜ਼ਰਬਾ ਕੁਝ ਚੰਗਾ ਨਹੀਂ। ਉੱਧਰ, ਸਾਬਕਾ ਬੀਜੇਪੀ ਪ੍ਰਧਾਨ ਅਵਿਨਾਸ਼ ਰਾਏ ਖੰਨਾ ਵੀ ਉਮੀਦਵਾਰ ਹੋ ਸਕਦੇ ਹਨ।

© 2016 News Track Live - ALL RIGHTS RESERVED