ਦੇਰ ਸ਼ਾਮ ਤਕ ਨਤੀਜੇ ਆਉਣ ਦੀ ਸੰਭਾਵਨਾ

May 22 2019 03:30 PM
ਦੇਰ ਸ਼ਾਮ ਤਕ ਨਤੀਜੇ ਆਉਣ ਦੀ ਸੰਭਾਵਨਾ

ਨਵੀਂ ਦਿੱਲੀ:

ਲੋਕ ਸਭਾ ਚੋਣਾਂ ਤਹਿਤ ਦੇਸ਼ ਭਰ ਵਿੱਚ 542 ਸੰਸਦੀ ਸੀਟਾਂ ਲਈ ਪਾਈਆਂ ਵੋਟਾਂ ਦੀ ਗਿਣਤੀ ਵੀਰਵਾਰ, ਯਾਨੀ ਕੱਲ੍ਹ ਸਵੇਰੇ 8 ਵਜੇ ਸ਼ੁਰੂ ਹੋਏਗੀ। ਪਹਿਲੀ ਵਾਰ EVM ਗਿਣਤੀ ਦੇ ਨਾਲ-ਨਾਲ ਵੀਵੀਪੈਟ ਪਰਚੀਆਂ ਦਾ ਵੀ ਮਿਲਾਣ ਕੀਤਾ ਜਾਏਗਾ। ਇਸ ਲਈ ਨਤੀਜੇ ਥੋੜ੍ਹਾ ਲੇਟ ਹੋ ਸਕਦੇ ਹਨ। ਕੱਲ੍ਹ ਦੇਰ ਸ਼ਾਮ ਤਕ ਨਤੀਜੇ ਆਉਣ ਦੀ ਸੰਭਾਵਨਾ ਹੈ।
542 ਸੀਟਾਂ 'ਤੇ 8 ਹਜ਼ਾਰ ਤੋਂ ਵੱਧ ਉਮੀਦਵਾਰ ਚੋਣਾਂ ਲੜ ਰਹੇ ਹਨ। ਸੱਤ ਗੇੜਾਂ ਵਿੱਚ ਹੋਈਆਂ ਚੋਣਾਂ ਵਿੱਚ 90.99 ਕਰੋੜ ਵੋਟਰਾਂ ਵਿੱਚੋਂ 67.11 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਭਾਰਤੀ ਸੰਸਦੀ ਚੋਣਾਂ ਵਿੱਚ ਇਹ ਸਭ ਤੋਂ ਵੱਧ ਵੋਟਾਂ ਹਨ। ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਤੀਜੇ ਦਾ ਮੇਲ ਪੇਪਰ ਟ੍ਰੇਲ ਮਸ਼ੀਨਾਂ ਤੋਂ ਨਿਕਲਣ ਵਾਲੀਆਂ ਪਰਚੀਆਂ ਨਾਲ ਕੀਤਾ ਜਾਏਗਾ। ਇਹ ਪ੍ਰਤੀ ਵਿਧਾਨ ਸਭਾ ਦੇ 5 ਬੂਥਾਂ ਵਿੱਚ ਹੋਏਗਾ।
ਇਸ ਪ੍ਰਕਿਰਿਆ ਦੇ ਮੁਤਾਬਕ ਸਭ ਤੋਂ ਪਹਿਲਾਂ ਡਾਕ ਮਤਪੇਪਰਾਂ ਦੀ ਗਿਣਤੀ ਕੀਤੀ ਜਾਏਗੀ। ਡਿਊਟੀ 'ਤੇ ਤਾਇਨਾਤ ਸਰਵਿਸ ਵੋਟਰਾਂ ਦੀ ਗਿਣਤੀ ਕਰੀਬ 18 ਲੱਖ ਹੈ। ਇਨ੍ਹਾਂ ਵਿੱਚ ਹਥਿਆਰਬੰਦ ਬਲ, ਕੇਂਦਰੀ ਪੁਲਿਸ ਬਲ ਤੇ ਸੂਬਾ ਪੁਲਿਸ ਦੇ ਜਵਾਨ ਸ਼ਾਮਲ ਹਨ ਜੋ ਆਪਣੇ ਸੰਸਦੀ ਖੇਤਰ ਤੋਂ ਬਾਹਰ ਤਾਇਨਾਤ ਸਨ।
ਵਿਦੇਸ਼ ਵਿੱਚ ਭਾਰਤੀ ਅੰਬਾਸੀ ਵਿੱਚ ਤਾਇਨਾਤ ਰਾਜਨੀਤੀ ਤੇ ਸਟਾਫ ਵੀ ਸਰਵਿਸ ਵੋਟਰ ਹਨ। ਇਨ੍ਹਾਂ 18 ਲੱਖ ਰਜਿਸਟਰਡ ਵੋਟਰਾਂ ਵਿਚੋਂ 17 ਮਈ ਨੂੰ 16.49 ਲੱਖ ਨੇ ਆਪਣੇ ਰਿਟਰਨਿੰਗ ਅਫ਼ਸਰਾਂ ਨੂੰ ਡਾਕ ਵੋਟਾਂ ਭੇਜੀਆਂ ਸਨ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਹੱਥਾਂ ਨਾਲ ਡਾਕ ਵੋਟਾਂ ਦੀ ਗਿਣਤੀ ਕਰਨ ਲਈ ਕੁਝ ਘੰਟਿਆਂ ਦਾ ਸਮਾਂ ਲੱਗੇਗਾ। ਅੰਤ ਵਿੱਚ ਪੇਪਰ ਟ੍ਰੇਲ ਮਸ਼ੀਨਾਂ ਵਿੱਚੋਂ ਨਿਕਲਣ ਵਾਲੀਆਂ ਪਰਚੀਆਂ ਗਿਣੀਆਂ ਜਾਣਗੀਆਂ।

© 2016 News Track Live - ALL RIGHTS RESERVED