ਪੰਜਾਬ 'ਤੇ ਫਿਰ ਹੜ੍ਹਾਂ ਦਾ ਖਤਰਾ

Aug 05 2019 02:02 PM
ਪੰਜਾਬ 'ਤੇ ਫਿਰ ਹੜ੍ਹਾਂ ਦਾ ਖਤਰਾ

ਚੰਡੀਗੜ੍ਹ:

ਪੰਜਾਬ 'ਤੇ ਫਿਰ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਸ਼ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਕਰਕੇ ਬੀਬੀਐਮਬੀ ਦੀ ਤਕਨੀਕੀ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ ਵਿੱਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰੋਜ਼ਾਨਾ ਭਾਖੜਾ ਡੈਮ ਤੋਂ 32 ਹਜ਼ਾਰ ਕਿਊਸਿਕ ਤੇ ਪੌਂਗ ਡੈਮ ਵਿੱਚੋਂ 10 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਸ਼ਨੀਵਾਰ ਚਾਰ ਵਜੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1656.10 ਫੁੱਟ ਦਰਜ ਕੀਤਾ ਗਿਆ, ਜਦਕਿ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ 50671 ਫੁੱਟ ਦਰਜ ਕੀਤੀ ਗਈ। ਡੈਮ ਦੇ ਪਾਣੀ ਦਾ ਇਹ ਪੱਧਰ ਪਿਛਲੇ ਸਾਲ ਦੀ ਤੁਲਨਾ ਵਿੱਚ 86 ਫੁੱਟ ਵੱਧ ਸੀ, ਜਦਕਿ ਡੈਮ ਦੀ ਕੁੱਲ ਸਮਰੱਥਾ 1680 ਫੁੱਟ ਤੱਕ ਹੈ।
ਇਸੇ ਤਰ੍ਹਾਂ ਜੇਕਰ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਸ਼ਾਮ ਚਾਰ ਵਜੇ 1347.42 ਫੁੱਟ ਹੋ ਚੁੱਕਿਆ ਹੈ, ਜਦਕਿ ਪਾਣੀ ਦੀ ਆਮਦ 26360 ਦਰਜ ਕੀਤੀ ਗਈ। ਪੌਂਗ ਡੈਮ ਦੀ ਪਾਣੀ ਦੀ ਕੁੱਲ ਸਮਰੱਥਾ 1390 ਫੁੱਟ ਤੱਕ ਹੈ। ਤਕਨੀਕੀ ਕਮੇਟੀ ਵੱਲੋਂ ਪਾਣੀ ਸਬੰਧੀ ਦੁਬਾਰਾ 14 ਅਗਸਤ ਨੂੰ ਬੈਠਕ ਕਰਕੇ ਸਮੀਖਿਆ ਕੀਤੀ ਜਾਵੇਗੀ।
ਦੂਜੇ ਪਾਸੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਹੜ੍ਹਾਂ ਦੇ ਮਾਮਲੇ ਵਿੱਚ ਪੂਰੀ ਮੁਸਤੈਦੀ ਵਰਤਦਿਆਂ ਫਲੱਡ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਏਡੀਸੀ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਲੋੜ ਪੈਣ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲੈ ਕੇ ਜਾਣ, ਖਾਣਾ, ਪਸ਼ੂ ਚਾਰਾ ਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਤੇ ਸਮੁੱਚਾ ਅਮਲਾ ਚੌਵੀਂ ਘੰਟੇ ਮੌਜੂਦ ਹੈ ਤੇ ਲੋੜ ਪੈਣ ’ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਹੋਏ ਹਨ।

© 2016 News Track Live - ALL RIGHTS RESERVED