ਗੁਜਰਾਤ ਦੀ ਬੰਦਰਗਾਹ ਤੋਂ 500 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਗੁਜਰਾਤ ਦੀ ਬੰਦਰਗਾਹ ਤੋਂ 500 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਅਹਿਮਦਾਬਾਦ:

ਅੱਤਵਾਦੀ ਰੋਕੂ ਦਲ (ਏਟੀਐਸ) ਦੇ ਅਫ਼ਸਰਾਂ ਨੇ ਭਾਰਤੀ ਕੋਸਟਗਾਰਡ ਨਾਲ ਸੰਯੁਕਤ ਆਪ੍ਰੇਸ਼ਨ ਦੌਰਾਨ ਗੁਜਰਾਤ ਦੀ ਬੰਦਰਗਾਹ ਤੋਂ 500 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਤਸਕਰੀ ਦੇ ਇਲਜ਼ਾਮ ਹੇਠ ਨੌਂ ਇਰਾਨੀ ਨਾਗਰਿਕਾਂ ਸਮੇਤ 10 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਏਜੰਸੀ ਸੂਤਰਾਂ ਮੁਤਾਬਕ ਇਰਾਨੀ ਤਸਕਰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਤੋਂ ਹੈਰੋਇਨ ਲੈ ਕੇ ਗੁਜਰਾਤ ਦੀ ਬੰਦਰਗਾਹ ਆ ਰਹੇ ਸਨ। ਹੈਰੋਇਨ ਦੀ ਖੇਪ ਉਨ੍ਹਾਂ ਨੂੰ ਪਾਕਿਸਤਾਨੀ ਨਾਗਰਿਕ ਹਮੀਦ ਮਿਲਕ ਤੋਂ ਮਿਲੀ ਸੀ। ਗੁਜਰਾਤ ਪੋਰਟ ਤੋਂ ਇਸ ਨੂੰ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਜਾਣਾ ਸੀ।
ਤਸਕਰਾਂ ਨੂੰ ਜਦ ਅਹਿਸਾਸ ਹੋਇਆ ਕਿ ਹੁਣ ਉਹ ਫੜੇ ਜਾਣਗੇ, ਤਾਂ ਉਨ੍ਹਾਂ ਨਸ਼ੇ ਨਾਲ ਲੱਦੀ ਕਿਸ਼ਤੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਪਰ ਏਟੀਐਸ ਤੇ ਕੋਸਟਗਾਰਡ ਨੇ ਬੋਟ ਦੇ ਸੜਨ ਤੋਂ ਪਹਿਲਾਂ ਹੀ 100 ਕਿੱਲੋ ਹੈਰੋਇਨ ਆਪਣੇ ਕਬਜ਼ੇ ਵਿੱਚ ਲੈ ਲਈ।
ਸੂਤਰਾਂ ਮੁਤਾਬਕ ਤਸਕਰਾਂ ਨਾਲ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ, ਜਿਸ ਦੀ ਸ਼ਨਾਖ਼ਤ ਹਾਲੇ ਉਜਾਗਰ ਨਹੀਂ ਕੀਤੀ ਗਈ। ਇਰਾਨੀ ਨਾਗਰਿਕਾਂ ਨੇ ਏਟੀਐਸ ਤੇ ਕੋਸਟ ਗਾਰਡ ਨੂੰ ਦੱਸਿਆ ਕਿ ਨਸ਼ੇ ਨੂੰ ਅੱਗੇ ਦੇਸ਼ ਵਿੱਚ ਸਪਲਾਈ ਕਰਨ ਦੀ ਜ਼ਿੰਮੇਵਾਰੀ ਭਾਰਤੀ ਨਾਗਰਿਕ ਨੂੰ ਸੌਂਪੀ ਗਈ ਸੀ।

© 2016 News Track Live - ALL RIGHTS RESERVED