ਮਨਮੋਹਨ ਸਿੰਘ ਦੇ ਨਾਂ 'ਤੇ ਸਭ ਦੀ ਸਹਿਮਤੀ ਬਣ ਸਕਦੀ

ਮਨਮੋਹਨ ਸਿੰਘ ਦੇ ਨਾਂ 'ਤੇ ਸਭ ਦੀ ਸਹਿਮਤੀ ਬਣ ਸਕਦੀ

ਨਵੀਂ ਦਿੱਲੀ:

2019 ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ। ਇਸ ਦਿਨ ਜੇਕਰ ਅਜਿਹੀ ਹਾਲਤ ਬਣਦੀ ਹੈ ਕਿ ਕਿਸੇ ਨੂੰ ਸਪੱਸ਼ਟ ਬਹੁਮਤ ਨਾ ਮਿਲੇ ਤੇ ਗਠਜੋੜ ਨਾਲ ਸਰਕਾਰ ਕਾਇਮ ਕਰਨੀ ਹੋਵੇ ਤਾਂ ਡਾ. ਮਨਮੋਹਨ ਸਿੰਘ ਅਜਿਹਾ ਨਾਂ ਹੈ ਜਿਸ 'ਤੇ ਸਾਰੀਆਂ ਵਿਰੋਧੀ ਪਾਰਟੀਆਂ ਇੱਕਜੁਟ ਹੋ ਸਕਦੀਆਂ ਹਨ। ਦੇਸ਼ ਦੀਆਂ ਵੱਡੀਆਂ ਪਾਰਟੀਆਂ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਤੇ ਤ੍ਰਿਣਮੂਲ ਕਾਂਗਰਸ ਪਹਿਲਾਂ ਹੀ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੇ ਨਾਂ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰੀ ਹਨ। ਅਜਿਹੇ ਵਿੱਚ ਮਨਮੋਹਨ ਸਿੰਘ ਦੇ ਨਾਂ 'ਤੇ ਸਭ ਦੀ ਸਹਿਮਤੀ ਬਣ ਸਕਦੀ ਹੈ।
ਬੇਸ਼ੱਕ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਸਮੇਂ ਕਈ ਵੱਡੇ ਘਪਲੇ ਹੋਏ ਪਰ ਹਾਲੇ ਤਕ ਉਨ੍ਹਾਂ ਦਾ ਅਕਸ ਸਾਫ ਹੈ। ਹਾਲਾਂਕਿ, ਵਿਰੋਧੀ ਧਿਰਾਂ ਵਿੱਚ ਵੀ ਰਾਹੁਲ ਗਾਂਧੀ, ਮਾਇਆਵਤੀ, ਅਖਿਲੇਸ਼ ਯਾਦਵ, ਮਮਤਾ ਬੈਨਰਜੀ ਆਦਿ ਦਿੱਗਜ ਨੇਤਾ ਮੌਜੂਦ ਹਨ, ਪਰ ਕਾਂਗਰਸ ਦਾ ਅੰਦਰੂਨੀ ਝੁਕਾਅ ਵੀ ਇਸੇ ਪਾਸੇ ਹੋ ਸਕਦਾ ਹੈ ਤਾਂ ਹੀ ਸ਼ਾਂਤ ਰਹਿਣ ਤੇ ਘੱਟ ਬੋਲਣ ਵਾਲੇ ਡਾ. ਮਨਮੋਹਨ ਸਿੰਘ ਅੱਜਕੱਲ੍ਹ ਮੋਦੀ ਸਰਕਾਰ ਨੂੰ ਅਰਥਚਾਰੇ ਤੋਂ ਲੈ ਕੇ ਰਾਫ਼ੇਲ ਸੌਦੇ ਜਿਹੇ ਮੁੱਦਿਆਂ 'ਤੇ ਘੇਰ ਰਹੇ ਹਨ।
ਡਾ. ਮਨਮੋਹਨ ਸਿੰਘ ਭਾਰਤ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਹਨ। ਮਨਮੋਹਨ ਸਿੰਘ ਨੇ ਲੰਮਾ ਸਮਾਂ ਦੇਸ਼ ਦੇ ਆਰਥਿਕ ਮਾਮਲਿਆਂ ਵਿੱਚ ਬਿਤਾਇਆ ਹੈ ਤੇ ਇਸ ਵਿਸ਼ੇ 'ਤੇ ਉਨ੍ਹਾਂ ਦੀ ਪਕੜ ਬਾਰੇ ਪੂਰੀ ਦੁਨੀਆ ਜਾਣਦੀ ਹੈ। ਉਹ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ, ਰਿਜ਼ਰਵ ਬੈਂਕ ਦੇ ਗਵਰਨਰ, ਪ੍ਰਧਾਨ ਮੰਤਰੀ ਦੇ ਆਰਥਕ ਸਲਾਹਕਾਰ ਜਿਹੇ ਉੱਚੇ ਤੇ ਜ਼ਿੰਮੇਵਾਰੀ ਭਰੇ ਅਹੁਦੇ ਸੰਭਾਲ ਚੁੱਕੇ ਹਨ।
ਸਾਲ 2004 ਵਿੱਚ ਵੀ ਜਦ ਯੂਪੀਏ ਸਰਕਾਰ ਬਣੀ ਸੀ ਤਾਂ ਸੋਨੀਆ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਵਿਰੋਧ ਜਤਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਪੀਐਮ ਬਣਾਇਆ ਸੀ, ਜਿਸ 'ਤੇ ਸਾਰਿਆਂ ਨੇ ਸਹਿਮਤੀ ਜਤਾਈ ਸੀ। ਅੱਜ ਵੀ ਹਾਲਾਤ ਕੁਝ ਇਸੇ ਤਰ੍ਹਾਂ ਦੇ ਹਨ ਅਤੇ ਲੋਕ ਸਭਾ ਦੇ ਨਤੀਜਿਆਂ ਮਗਰੋਂ ਤਸਵੀਰ ਸਾਫ ਹੋ ਜਾਵੇਗੀ।

© 2016 News Track Live - ALL RIGHTS RESERVED