ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਲਈ ਸਜ਼ਾਵਾਂ ਬੇਹੱਦ ਸਖ਼ਤ ਕਰ ਦਿੱਤੀਆਂ

Dec 18 2018 03:16 PM
ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਲਈ ਸਜ਼ਾਵਾਂ ਬੇਹੱਦ ਸਖ਼ਤ ਕਰ ਦਿੱਤੀਆਂ

ਚੰਡੀਗੜ੍ਹ: 

ਕੈਨੇਡਾ ਵਿੱਚ 18 ਦਿਸੰਬਰ, ਯਾਨੀ ਅੱਜ ਤੋਂ ਫੈਡਰਲ ਸਰਕਾਰ ਵੱਲੋਂ ਬਿੱਲ ਸੀ-46 ਲਾਗੂ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਲਈ ਸਜ਼ਾਵਾਂ ਬੇਹੱਦ ਸਖ਼ਤ ਕਰ ਦਿੱਤੀਆਂ ਗਈਆਂ ਹਨ। ਨਵੇਂ ਕਾਨੂੰਨ ਤਹਿਤ ਪੁਲਿਸ ਕਿਸੇ ਵੀ ਡਰਾਈਵਰ ਨੂੰ ਸ਼ੱਕ ਦੇ ਆਧਾਰ ’ਤੇ ਟੈਸਟ ਲਈ ਰੋਕ ਸਕਦੀ ਹੈ। ਜੇ ਉਹ ਵਿਅਕਤੀ ਨਿਰਧਾਰਤ ਲਿਮਿਟ ਤੋਂ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜ੍ਹਿਆ ਗਿਆ ਤਾਂ 90 ਦਿਨਾਂ ਲਈ ਡਰਾਈਵਿੰਗ ਲਾਈਸੈਂਸ ਸਸਪੈਂਡ ਹੋਵੇਗਾ ਤੇ ਮੌਕੇ ’ਤੇ ਹੀ 7 ਦਿਨ੍ਹਾਂ ਲਈ ਗੱਡੀ ਜ਼ਬਤ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਜੇਕਰ ਉਹ ਵਿਅਕਤੀ ਟੈਸਟ ਦੇਣ ਤੋਂ ਇਨਕਾਰ ਕਰੇਗਾ ਤਾਂ ਵੀ ਇਹੋ ਸਜ਼ਾਵਾਂ ਲਾਗੂ ਹੋਣਗੀਆਂ।
ਇਸ ਨਵੇਂ ਕਾਨੂੰਨ ਮੁਤਾਬਕ ਦੋਸ਼ ਸਾਬਤ ਹੋਣ ’ਤੇ 2000 ਡਾਲਰ ਤੱਕ ਜ਼ੁਰਮਾਨਾ ਅਤੇ 5 ਸਾਲ ਦੀ ਬਜਾਏ ਹੁਣ 10 ਸਾਲ ਤੱਕ ਸਜ਼ਾ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਡਰੱਗ ਦਾ ਨਸ਼ਾ ਕਰਕੇ ਵੀ ਗੱਡੀ ਚਲਾਉਂਦਿਆਂ ਫੜ੍ਹੇ ਜਾਣ ’ਤੇ 14 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਕੈਨੇਡਾ ਵਿੱਚ ਇਸ ਕਾਨੂੰਨ ਦੇ ਲਾਗੂ ਹੋਣ ਦਾ ਸਭ ਤੋਂ ਵੱਧ ਖ਼ਤਰਾ ਪੱਕੇ ਵਸਨੀਕ (ਪੀਆਰ) ਜਾਂ ਆਰਜ਼ੀ ਤੌਰ ’ਤੇ ਵਰਕ ਪਰਮਿਟ ਜਾਂ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਹੋਵੇਗਾ ਕਿਉਂਕਿ ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਗੱਡੀ ਚਲਾਉਣ ਦਾ ਅਪਰਾਧ ਸਾਬਤ ਹੋਣ ’ਤੇ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਵੀ ਕੀਤਾ ਜਾ ਸਕਦਾ ਹੈ।

© 2016 News Track Live - ALL RIGHTS RESERVED