ਰਾਸ਼ਟਰਪਤੀ ਸ਼ਾਸਨ ਵੀ ਲੱਗ ਸਕਦਾ

ਰਾਸ਼ਟਰਪਤੀ ਸ਼ਾਸਨ ਵੀ ਲੱਗ ਸਕਦਾ

ਨਵੀਂ ਦਿੱਲੀ:

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਦਰੂਨੀ ਸੁਰੱਖਿਆ ਤੇ ਬੰਗਾਲ ਵਿੱਚ ਫੈਲੀ ਹਿੰਸਾ 'ਤੇ ਸੋਮਵਾਰ ਨੂੰ ਬੈਠਕ ਬੁਲਾਈ। ਇਸ ਵਿੱਚ ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਵੀ ਮੌਜੂਦ ਸਨ। ਦੂਜੇ ਪਾਸੇ ਬੰਗਾਲ ਦੇ ਰਾਜਪਾਲ ਕੇਸ਼ਰੀਨਾਥ ਤ੍ਰਿਪਾਠੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਹਾਲਾਂਕਿ ਰਾਜਪਾਲ ਨੇ ਇਸ ਨੂੰ ਰਸਮੀ ਮਿਲਣੀ ਦੱਸਿਆ ਹੈ।
ਸੁਰੱਖਿਆ 'ਤੇ ਬੈਠਕ ਬਾਰੇ ਬੀਜੇਪੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀ ਨੇ ਕਿਹਾ ਕਿ ਬੰਗਾਲ ਵਿੱਚ ਜਿਸ ਤਰ੍ਹਾਂ ਹਿੰਸਾ ਫੈਲ ਰਹੀ ਹੈ, ਉੱਥੇ ਰਾਸ਼ਟਰਪਤੀ ਸ਼ਾਸਨ ਵੀ ਲੱਗ ਸਕਦਾ ਹੈ। ਬੰਗਾਲ ਵਿੱਚ ਹਿੰਸਾ ਦੀ ਜ਼ਿੰਮੇਵਾਰੀ ਮਮਤਾ ਬੈਨਰਜੀ ਦੀ ਹੈ ਤੇ ਉਹੀ ਬਦਲੇ ਦੀ ਭਾਵਨਾ ਕਰਕੇ ਲੋਕਾਂ ਨੂੰ ਭੜਕਾ ਰਹੇ ਹਨ। ਵਰਕਰਾਂ ਦੇ ਕਤਲ ਦੇ ਵਿਰੋਧ ਵਿੱਚ ਬੀਜੇਪੀ ਨੇ 12 ਘੰਟੇ ਦਾ ਬੰਦ ਬੁਲਾਇਆ ਹੈ। ਪੂਰੇ ਬੰਗਾਲ ਵਿੱਚ ਇਹ ਦਿਨ 'ਬਲੈਕ ਡੇਅ' ਵਜੋਂ ਮਨਾਇਆ ਜਾ ਰਿਹਾ ਹੈ।
ਵਿਜੇਵਰਗੀ ਨੇ ਕਿਹਾ ਕਿ ਮਮਤਾ ਬੈਨਰਜੀ ਆਪਣੇ ਵਰਕਰਾਂ ਨੂੰ ਕਹਿ ਰਹੇ ਹਨ ਕਿ ਜਿੱਥੋਂ ਉਨ੍ਹਾਂ ਦੀ ਪਾਰਟੀ ਹਾਰ ਰਹੀ ਹੈ, ਉੱਥੇ ਬੀਜੇਪੀ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾਏ। ਸਾਰੇ ਗੁੰਡੇ ਸੱਤਾਧਾਰੀ ਤ੍ਰਿਣਮੂਲ ਕੋਲ ਹੀ ਹਨ। ਉਨ੍ਹਾਂ ਕੋਲ ਪਿਸਤੌਲ ਤੇ ਬੰਬ ਵੀ ਹਨ ਜਦਕਿ ਬੀਜੇਪੀ ਵਰਕਰਾਂ ਕੋਲ ਕੋਈ ਹਥਿਆਰ ਨਹੀਂ। ਉਨ੍ਹਾਂ ਕਿਹਾ ਕਿ ਜੇ ਬੰਗਾਲ ਵਿੱਚ ਇਸੇ ਤਰ੍ਹਾਂ ਹਿੰਸਾ ਜਾਰੀ ਰਹੀ ਤਾਂ ਦਖ਼ਲ ਦੇਣਾ ਹੀ ਪਏਗਾ। ਜ਼ਰੂਰੀ ਹੋਇਆ ਤਾਂ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਲਾਇਆ ਜਾ ਸਕਦਾ ਹੈ।

© 2016 News Track Live - ALL RIGHTS RESERVED