ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਹ ਜਿਊਂਦੀ ਹੈ

May 16 2019 04:21 PM
ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਹ ਜਿਊਂਦੀ ਹੈ

ਜਲੰਧਰ:

ਇੱਥੋਂ ਦੇ ਹਸਪਤਾਲ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵੱਲੋਂ ਬਿਰਧ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਕਪੂਰਥਲਾ ਦੇ ਕਾਲਾ ਸੰਘਿਆਂ ਸਥਿਤ ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਵਿੱਚ ਰਖਵਾ ਦਿੱਤਾ ਗਿਆ, ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਹ ਜਿਊਂਦੀ ਹੈ। ਹਾਲਾਂਕਿ, ਮਹਿਲਾ ਦੀ ਅਗਲੇ ਦਿਨ ਮੌਤ ਹੋ ਗਈ ਤੇ ਫਿਰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਕਾਲਾ ਸੰਘਿਆਂ ਪੁਲਿਸ ਚੌਕੀ ਦੇ ਇੰਚਾਰਜ ਠਾਕੁਰ ਸਿੰਘ ਤੇ ਮੁਰਦਾ ਘਰ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਤਕਰੀਬਨ ਢਾਈ ਵਜੇ ਪਿੰਡ ਜੱਲੋਵਾਲ ਦੀ ਰਹਿਣ ਵਾਲੀ ਪ੍ਰਵੀਨ ਕੁਮਾਰੀ ਬ੍ਰਹਮ ਦੱਤ ਦੀ ਲਾਸ਼ ਨੂੰ ਫਰੀਜ਼ਰ ਵਿੱਚ ਰੱਖਿਆ ਗਿਆ। ਪ੍ਰਵੀਨ ਕੁਮਾਰੀ ਨੂੰ ਕੁਝ ਦਿਨ ਪਹਿਲਾਂ ਜਲੰਧਰ ਦੇ ਪਿਮਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪ੍ਰਵੀਨ ਦੇ ਪਰਿਵਾਰਕ ਮੈਂਬਰ ਸ਼ਾਮ ਸਮੇਂ ਮਹਿਲਾ ਦੇ ਪਹਿਨੀ ਸੋਨੇ ਦੀ ਚੇਨ ਵਾਪਸ ਲੈਣ ਲਈ ਆਏ। ਸੇਵਾਦਾਰ ਗੁਰਦੀਪ ਨੇ ਫਰੀਜ਼ਰ ਖੋਲ੍ਹਿਆ ਤਾਂ ਦੇਖਿਆ ਕਿ ਮਹਿਲਾ ਦੇ ਸਰੀਰ ਵਿੱਚ ਹਰਕਤ ਹੋ ਰਹੀ ਹੈ ਅਤੇ ਸਾਹ ਵੀ ਚੱਲ ਰਹੇ ਹਨ। ਪ੍ਰਵੀਨ ਕੁਮਾਰੀ ਨੇ ਅੱਖਾਂ ਵੀ ਖੋਲ੍ਹ ਲਈਆਂ ਅਤੇ ਪਾਣੀ ਵੀ ਪੀਤਾ। ਇਹ ਦੇਖ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ ਅਤੇ ਉਸ ਨੂੰ ਤੁਰੰਤ ਕਪੂਰਥਲਾ ਦੇ ਸਰਕਾਰੀ ਹਸਪਤਾਲ ਲੈ ਗਏ। ਹਾਲਾਂਕਿ ਉੱਥੇ ਮਹਿਲਾ ਦੀ ਮੌਤ ਹੋ ਗਈ।
ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਜਦੋਂ ਪ੍ਰਵੀਨ ਕੁਮਾਰੀ ਨੂੰ ਲਿਆਂਦਾ ਗਿਆ ਤਾਂ ਉਸ ਦੀ ਨਬਜ਼ ਚੱਲ ਰਹੀ ਸੀ ਅਤੇ ਉਨ੍ਹਾਂ ਇਲਾਜ ਜਾਰੀ ਕਰ ਦਿੱਤਾ। ਡਾਕਟਰ ਨੇ ਕਿਹਾ ਕਿ ਬੁੱਧਵਾਰ ਸਵੇਰ ਪਰਿਵਾਰਕ ਮੈਂਬਰ ਮਹਿਲਾ ਨੂੰ ਬਿਨਾਂ ਦੱਸੇ ਲੈ ਗਏ। ਉੱਧਰ, ਪਿਮਸ ਹਸਪਤਾਲ ਦੇ ਨਿਰਦੇਸ਼ਕ ਅਮਿਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਅਜਿਹਾ ਕੋਈ ਵੀ ਕੇਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਬਗ਼ੈਰ ਜਾਂਚ ਕਿਸੇ ਨੂੰ ਵੀ ਮ੍ਰਿਤ ਨਹੀਂ ਐਲਾਨਿਆ ਜਾਂਦਾ ਅਤੇ ਪੂਰੀ ਕਾਰਵਾਈ ਦੇ ਬਾਅਦ ਹੀ ਲਾਸ਼ ਸੌਂਪੀ ਜਾਂਦੀ ਹੈ।

© 2016 News Track Live - ALL RIGHTS RESERVED