ਟਰੱਸਟ ਨੇ ਜਰਖੜ ਖੇਡਾਂ ਦੀਆਂ ਤਾਰੀਖਾਂ ਐਲਾਨ

Dec 20 2018 03:46 PM
ਟਰੱਸਟ ਨੇ ਜਰਖੜ ਖੇਡਾਂ ਦੀਆਂ ਤਾਰੀਖਾਂ ਐਲਾਨ

ਲੁਧਿਆਣਾ:

ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਨੇ ਜਰਖੜ ਖੇਡਾਂ ਦੀਆਂ ਤਾਰੀਖਾਂ ਐਲਾਨ ਦਿੱਤੀਆਂ ਹਨ। ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ (ਏਆਈਜੀ ਇੰਟੈਲੀਜੈਂਸ ਫਿਰੋਜ਼ਪੁਰ) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਤਾਰੀਖਾਂ ਐਲਾਨੀਆਂ ਗਈਆਂ।
ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਤੇ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 32ਵੀਆਂ ਸਲਾਨਾ ਜਰਖੜ ਖੇਡਾਂ ਅਗਲੇ ਮਹੀਨੇ 25, 26 ਤੇ 27 ਜਨਵਰੀ ਨੂੰ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿੱਚ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ 'ਚ ਮਹਿੰਦਰਪ੍ਰਤਾਪ ਗਰੇਵਾਲ ਹਾਕੀ ਕੱਪ, ਮਾਤਾ ਸਾਹਿਬ ਕੌਰ ਗੋਲਡ ਕੱਪ ਹਾਕੀ ਤੋਂ ਇਲਾਵਾ ਕਬੱਡੀ ਆਲ ਓਪਨ ਅਕੈਡਮੀਆਂ, ਚਮਕੌਰ ਸਿੰਘ ਮੋਹੀ ਪਿਓਰ ਇੱਕ ਪਿੰਡ ਕਬੱਡੀ, ਵਾਲੀਬਾਲ, ਬਾਸਕਟਬਾਲ, ਕੁਸ਼ਤੀਆਂ ਆਦਿ ਖੇਡਾਂ ਦੇ ਮੁਕਾਬਲੇ ਕਰਾਏ ਜਾਣਗੇ।
ਪ੍ਰਬੰਧਕ ਤੇਜਿੰਦਰ ਸਿੰਘ ਜਰਖੜ ਤੇ ਅਕੈਡਮੀ ਦੇ ਪ੍ਰਧਾਨ ਪਰਮਜੀਤ ਸਿੰਘ ਨੀਟੂ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ। ਖੇਡਾਂ ਦੇ ਉਦਘਾਟਨੀ ਸਮਾਰੋਹ 'ਚ ਵੱਖ-ਵੱਖ ਕਾਲਜਾਂ ਦੇ ਗਿੱਧਾ, ਭੰਗੜੇ ਮੁਕਾਬਲਿਆਂ ਤੋਂ ਇਲਾਵਾ ਹੋਰ ਸੱਭਿਆਚਾਰਕ ਮੁਕਾਬਲੇ ਤੇ ਭੁੱਟਾ ਇੰਜਨੀਰਿੰਗ ਕਾਲਜ ਦੇ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਆਪਣੀ ਕਲਾਕਾਰੀ ਪੇਸ਼ ਕੀਤੀ ਜਾਵੇਗੀ।
ਖੇਡਾਂ ਦੇ ਫਾਈਨਲ ਸਮਾਰੋਹ 'ਤੇ ਉੱਘੀਆਂ ਸਮਾਜ ਸੇਵੀ 6 ਸ਼ਖਸੀਅਤਾਂ ਦਾ ਸਨਮਾਨ ਹੋਵੇਗਾ। ਫਾਈਨਲ ਸਮਾਰੋਹ 'ਤੇ ਉੱਘੇ ਲੋਕ ਗਾਇਕ ਗਿੱਪੀ ਗਰੇਵਾਲ, ਕੰਵਰ ਗਰੇਵਾਲ ਦਾ ਅਖਾੜਾ ਲਵਾਉਣ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ।

© 2016 News Track Live - ALL RIGHTS RESERVED