ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਨਿੱਜੀ ਜਾਂ ਦਫ਼ਤਰੀ ਵਾਹਨ ਨਹੀਂ ਜਾਏਗਾ

Dec 28 2018 03:23 PM
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਨਿੱਜੀ ਜਾਂ ਦਫ਼ਤਰੀ ਵਾਹਨ ਨਹੀਂ ਜਾਏਗਾ

ਅੰਮ੍ਰਿਤਸਰ:

ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਪ੍ਰਦੂਸ਼ਣ ਤੇ ਟ੍ਰੈਫਿਕ ਮੁਕਤ ਕਰਨ ਲਈ ਅਹਿਮ ਫੈਸਲਾ ਕੀਤਾ ਹੈ। ਇਸ ਮੁਤਾਬਕ ਨਵੇਂ ਸਾਲ ਤੋਂ ਕਮੇਟੀ ਦੀ ਕੋਈ ਵੀ ਅਧਿਕਾਰੀ, ਮੁਲਾਜ਼ਮ ਜਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਆਪਣਾ ਨਿੱਜੀ ਜਾਂ ਦਫ਼ਤਰੀ ਵਾਹਨ ਨਹੀਂ ਲੈ ਕੇ ਜਾਏਗਾ। ਪਿਛਲੇ ਦਿਨਾਂ ਤੋਂ ਪਹਿਲਾਂ ਇਸ ਸਬੰਧੀ ਸਿਰਫ ਅਜ਼ਮਾਇਸ਼ ਕੀਤੀ ਜਾ ਰਹੀ ਸੀ ਜੋ ਸਫ਼ਲ ਰਹੀ। ਹੁਣ ਇਸ ਨੂੰ ਅਮਲ ਵਿੱਚ ਲਿਆਂਦਾ ਜਾਏਗਾ।
ਕਿਹਾ ਜਾ ਰਿਹਾ ਹੈ ਕਿ ਇਸ ਪਹਿਲਕਦਮੀ ਨਾਲ ਇੱਕ ਤਾਂ ਹਰਿਮੰਦਰ ਸਾਹਿਬ ਜਾਂਦੇ ਰਸਤਿਆਂ ਵਿੱਚ ਟ੍ਰੈਫਿਕ ਘਟੇਗਾ ਤੇ ਦੂਜਾ ਪ੍ਰਦੂਸ਼ਣ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ। ਵੱਡੀ ਗਿਣਤੀ ਸੰਗਤਾਂ ਦੀ ਆਮਦ ਕਰਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਤੇ ਆਸ-ਪਾਸ ਬਾਜ਼ਾਰਾਂ ਵਿੱਚ ਕਾਫ਼ੀ ਭੀੜ ਰਹਿੰਦੀ ਸੀ ਤੇ ਵਾਹਨਾਂ ਦੀ ਐਂਟਰੀ ਕਰਕੇ ਜਾਮ ਵੀ ਲੱਗੇ ਰਹਿੰਦੇ ਸੀ।
ਹੁਣ 31 ਦਸੰਬਰ ਤੋਂ ਬਾਅਦ ਚਾਰ-ਪਹੀਆ ਵਾਹਨਾਂ ਨੂੰ ਗੁਰਦੁਆਰਾ ਰਾਮਸਰ ਨੇੜੇ ਬਣਾਈ ਗਈ ਸਰਾਂ ਵਿੱਚ ਖੜ੍ਹਾ ਕੀਤਾ ਜਾਵੇਗਾ। ਅਧਇਕਾਰੀ ਇਥੋਂ ਪੈਦਲ ਕਮੇਟੀ ਦੇ ਦਫ਼ਤਰ ਤਕ ਜਾਣਗੇ। SGPC ਪ੍ਰਧਾਨ ਗੋਬਿੰਦ ਸਿੰਘ ਲੈਂਗੋਵਾਲ ਨੇ ਕਿਹਾ ਕਿ ਉਹ ਵੀ ਆਪਣਾ ਵਾਹਨ ਗੁਰਦੁਆਰਾ ਕੰਪਲੈਕਸ ਅੰਦਰ ਨਹੀਂ ਲੈ ਕੇ ਜਾਣਗੇ। ਸਿਰਫ ਐਮਰਜੈਂਸੀ ਸਥਿਤੀ ਵਿੱਚ ਹੀ ਵਾਹਨ ਅੰਦਰ ਲੈ ਕੇ ਜਾਣ ਦੀ ਮਨਜ਼ੂਰੀ ਦਿੱਤੀ ਜਾਏਗੀ। ਇਸ ਸਬੰਧੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਐਂਟਰੀ ਰੂਟਾਂ ’ਤੇ ਬੋਰਡ ਵੀ ਲਾ ਦਿੱਤੇ ਗਏ ਹਨ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED