ਪੈਟਰੋਲ ਤੇ ਡੀਜ਼ਲ 'ਤੇ 10 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਨਵਾਂ ਸੈਸ ਲਾਉਣ ਦਾ ਫੈਸਲਾ

Aug 07 2019 02:13 PM
ਪੈਟਰੋਲ ਤੇ ਡੀਜ਼ਲ 'ਤੇ 10 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਨਵਾਂ ਸੈਸ ਲਾਉਣ ਦਾ ਫੈਸਲਾ

ਚੰਡੀਗੜ੍ਹ:

ਪੰਜਾਬ ਵਿੱਚ ਪਹਿਲਾਂ ਤੋਂ ਹੀ ਉੱਚੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੁਣ ਅਸਮਾਨੀਂ ਚੜ੍ਹ ਗਈਆਂ ਹਨ। ਸਰਕਾਰ ਪੈਟਰੋਲ ਤੇ ਡੀਜ਼ਲ 'ਤੇ 10 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਨਵਾਂ ਸੈਸ ਲਾਉਣ ਦਾ ਫੈਸਲਾ ਕੀਤਾ ਹੈ। ਸਿਰਫ ਤੇਲ ਹੀ ਨਹੀਂ ਜੇਕਰ ਤੁਸੀਂ ਗੱਡੀਆਂ 'ਤੇ ਵੀਆਈਪੀ ਨੰਬਰ ਲਵਾਉਣ ਦੇ ਸ਼ੁਕੀਨ ਹੋ ਤਾਂ ਵੀ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਜੇਬ ਵੱਧ ਢਿੱਲੀ ਕਰਨੀ ਪਵੇਗੀ।
ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਆਖ਼ਰੀ ਦਿਨ ਰੌਲੇ ਰੱਪੇ ਦਰਮਿਆਨ ‘ਦ ਪੰਜਾਬ ਅਰਬਨ ਟ੍ਰਾਂਸਪੋਰਟ ਫੰਡ ਬਿਲ 2019’ ਪਾਸ ਕਰਕੇ ਸੂਬੇ ਦੀ ਸ਼ਹਿਰੀ ਵਸੋਂ ’ਤੇ 25 ਕਰੋੜ ਰੁਪਏ ਦਾ ਬੋਝ ਪਾ ਦਿੱਤਾ ਹੈ। ਇਸ ਨਾਲ ਸ਼ਹਿਰਾਂ ਵਿਚ ਡੀਜ਼ਲ ਅਤੇ ਪੈਟਰੋਲ ਦਸ ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਜਾਵੇਗਾ। ਇਸ ਦੇ ਨਾਲ ਦੋ ਹੋਰ ਬਿਲ ਵੀ ਪਾਸ ਕਰ ਦਿੱਤੇ ਗਏ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਨ ਸਭਾ ਵਿੱਚ ਬਿਲ ਪੇਸ਼ ਕੀਤਾ ਜਿਸ ਨੂੰ ਰੌਲੇ-ਰੱਪੇ ਦੌਰਾਨ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਿਲ ਪੇਸ਼ ਕੀਤੇ ਜਾਣ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਪੀਕਰ ਦੇ ਆਸਨ ਸਾਹਮਣੇ ਨਾਅਰੇਬਾਜ਼ੀ ਕਰ ਰਹੇ ਸਨ। ਇਹ ਬਿਲ ਪਾਸ ਹੋਣ ਨਾਲ ‘ਸ਼ਹਿਰੀ ਬੱਸ ਪ੍ਰਾਜੈਕਟ’ ਲਈ ਸ਼ਹਿਰੀ ਖੇਤਰਾਂ ਦੇ ਪੈਟਰੋਲ ਅਤੇ ਡੀਜ਼ਲ ਪੰਪਾਂ ’ਤੇ ਤੇਲ ਦੀ ਵਿਕਰੀ ’ਤੇ ਦਸ ਪੈਸੇ ਪ੍ਰਤੀ ਲੀਟਰ ਸੈੱਸ ਲੱਗ ਜਾਵੇਗਾ। ਇਸ ਦੇ ਨਾਲ ਹੀ ਵੀਆਈਪੀ ਨੰਬਰਾਂ ’ਤੇ ਵੀ ਦਸ ਫ਼ੀਸਦੀ ਸੈੱਸ ਲਾ ਦਿੱਤਾ ਗਿਆ ਹੈ ਜਿਸ ਨਾਲ ਵੀਆਈਪੀ ਨੰਬਰ ਲੈਣ ਵਾਲਿਆਂ ਨੂੰ ਦੋ ਹਜ਼ਾਰ ਤੋਂ ਲੈ ਕੇ ਪੱਚੀ ਹਜ਼ਾਰ ਰੁਪਏ ਤਕ ਦੇਣੇ ਪੈਣਗੇ।
ਤੇਲ ਮਹਿੰਗਾ ਕਰਨ ਅਤੇ ਨੰਬਰਾਂ ’ਤੇ ਸੈੱਸ ਲਾਉਣ ਨਾਲ ਰਾਜ ਸਰਕਾਰ ਨੂੰ ਸਾਲਾਨਾ 25 ਕਰੋੜ ਰੁਪਏ ਮਿਲ ਜਾਣਗੇ। ਇਹ ਪੈਸਾ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਜਲੰਧਰ ਅਤੇ ਪਟਿਆਲਾ ਦੀ ਸ਼ਹਿਰੀ ਟ੍ਰਾਂਸਪੋਰਟ ਨੂੰ ਬਿਹਤਰ ਬਣਾਉਣ ਲਈ ਵਰਤਿਆ ਜਾਵੇਗਾ। ਹਾਲਾਂਕਿ, ਵਿਰੋਧੀ ਧਿਰਾਂ ਨੇ ਸਪੀਕਰ ਤੋਂ ਬਿਲ 'ਤੇ ਬਹਿਸ ਕਰਨ ਲਈ ਸਮਾਂ ਮੰਗਿਆ ਪਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਹ ਬਿਲ ਪਾਸ ਹੋ ਗਿਆ ਹੈ ਹੁਣ ਅਗਲੇ ਬਿਲ 'ਤੇ ਬਹਿਸ ਕਰੋ। ਕਾਗ਼ਜ਼ਾਂ ਵਿੱਚ ਪੰਜ ਪਰ ਕੰਮਕਾਰ ਦੇ ਹਿਸਾਬ ਨਾਲ ਦੋ ਦਿਨਾ ਇਜਲਾਸ ਕਾਫੀ ਹਫੜਾ-ਦਫੜੀ ਤੇ ਕਾਹਲੀ ਭਰਿਆ ਹੋ ਨਿੱਬੜਿਆ।

© 2016 News Track Live - ALL RIGHTS RESERVED