ਤਨਖ਼ਾਹਾਂ ਨਾ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨੂੰ ਸਿੱਖਾਂ ਨੇ ਸਹਾਰਾ ਦਿੱਤਾ

Jan 29 2019 03:34 PM
ਤਨਖ਼ਾਹਾਂ ਨਾ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨੂੰ ਸਿੱਖਾਂ ਨੇ ਸਹਾਰਾ ਦਿੱਤਾ

ਵਾਸ਼ਿੰਗਟਨ:

ਅੰਸ਼ਕ ਤੌਰ 'ਤੇ ਠੱਪ ਹੋਈ ਸਰਕਾਰ ਕਾਰਨ ਪਿਛਲੇ 35 ਦਿਨਾਂ ਤੋਂ ਤਨਖ਼ਾਹਾਂ ਨਾ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨੂੰ ਸਿੱਖਾਂ ਨੇ ਸਹਾਰਾ ਦਿੱਤਾ ਹੈ। ਸਿੱਖਾਂ ਨੇ ਲੰਗਰ ਲਾ ਦਿੱਤੇ ਹਨ ਤੇ ਉਹ ਪੀੜਤ ਮੁਲਾਜ਼ਮਾਂ ਨੂੰ ਵਿਸ਼ੇਸ਼ ਗਿਫ਼ਟ ਕਾਰਡ ਵੀ ਦੇ ਰਹੇ ਹਨ, ਤਾਂ ਜੋ ਉਹ ਆਪਣੀ ਜ਼ਰੂਰਤ ਦਾ ਸਾਮਾਨ ਖਰੀਦ ਸਕਣ। ਹਾਲਾਂਕਿ, ਸੋਮਵਾਰ ਨੂੰ ਫੈਡਰਲ ਸਰਕਾਰ ਮੁੜ ਤੋਂ ਆਰਜ਼ੀ ਤੌਰ 'ਤੇ ਕਾਰਜਸ਼ੀਲ ਹੋ ਗਈ ਹੈ ਪਰ ਜ਼ਿਆਦਾਤਰ ਟ੍ਰਾਂਸਪੋਰਟ ਤੇ ਸੁਰੱਖਿਆ ਪ੍ਰਸ਼ਾਸਨ ਖੇਤਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਤਨਖ਼ਾਹਾਂ ਨਹੀਂ ਮਿਲੀਆਂ।
ਇੰਡਿਆਨਾ ਟੀਐਸਏ ਦੇ ਫੈਡਰਲ ਸੁਰੱਖਿਆ ਨਿਰਦੇਸ਼ਕ ਐਰਨ ਬੱਟ ਨੇ ਫਿਸ਼ਰਜ਼ ਦੇ ਸਿੱਖਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਨੇ ਨਿਰਸਵਾਰਥ ਸੇਵਾ ਭਾਵਨਾ ਦਿਖਾ ਕੇ ਲੋਕਾਂ ਨੂੰ ਬੇਹੱਦ ਰਾਹਤ ਪਹੁੰਚਾਈ ਹੈ। ਉਨ੍ਹਾਂ ਦੱਸਿਆ ਕਿ ਕਾਮੇ ਬੇਹੱਦ ਪ੍ਰੇਸ਼ਾਨੀ ਵਿੱਚ ਹਨ, ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਹੈ ਕਿ ਉਨ੍ਹਾਂ ਨੂੰ ਪੈਸੇ ਮਿਲਣੇ ਹਨ ਕਿ ਨਹੀਂ।
ਕਾਰੋਬਾਰੀ ਤੇ ਉੱਘੇ ਸਿੱਖ ਲੀਡਰ ਗੁਰਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਇੰਡਿਆਨਾਪੋਲਿਸ ਏਅਰਪੋਰਟ 'ਤੇ 250 ਤੋਂ ਵੱਧ ਟੀਐਸਏ ਕਰਮਚਾਰੀਆਂ ਨੂੰ ਭਾਈਚਾਰੇ ਵੱਲੋਂ 6,000 ਡਾਲਰ ਦੇ ਗਿਫ਼ਟ ਕਾਰਡ ਵੀ ਵੰਡੇ। ਲੋਕ ਇਨ੍ਹਾਂ ਕਾਰਡਾਂ ਨਾਲ ਸਟੋਰ 'ਤੇ ਜਾ ਕੇ ਆਪਣੀ ਜ਼ਰੂਰਤ ਦਾ ਸਮਾਨ ਖਰੀਦ ਸਕਦੇ ਹਨ। ਖ਼ਾਲਸਾ ਨੇ ਕਿਹਾ ਕਿ ਸਿੱਖਾਂ ਦੇ ਅਜਿਹਾ ਕਰਨ ਨਾਲ ਲੋਕਾਂ ਵਿੱਚ ਚੰਗਾ ਸੁਨੇਹਾ ਜਾਵੇਗਾ ਤੇ ਹੋਰ ਲੋਕ ਵੀ ਇਸ ਭਲਾਈ ਕਾਰਜ ਵਿੱਚ ਸ਼ਾਮਲ ਹੋ ਸਕਣਗੇ। ਸਿੱਖਾਂ ਨੇ ਸਥਾਨਕ ਲੋਕਾਂ ਲਈ ਭਾਰਤੀ ਖਾਣੇ ਅਤੇ ਪੀਜ਼ਿਆਂ ਦਾ ਲੰਗਰ ਵੀ ਲਾਇਆ।
ਸਿੱਖਾਂ ਦੇ ਇਸ ਹੰਭਲੇ 'ਤੇ ਬੱਟ ਨੇ ਗੁਰਿੰਦਰ ਸਿੰਘ ਖ਼ਾਲਸਾ ਨੂੰ ਟੀਐਸਏ ਇੰਡਿਆਨਾ ਚੈਲੰਜ ਕੁਆਇਨ ਭੇਟ ਕੀਤਾ। ਇਹ ਸਿੱਕਾ ਇਮਾਨਦਾਰੀ, ਸਤਿਕਾਰ ਤੇ ਵਚਨਬੱਧਤਾ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਫਿਸ਼ਰਜ਼ ਵਿੱਚ ਸਿਰਫ ਪੰਜ ਸਿੱਖਾਂ ਦੇ ਪਰਿਵਾਰ ਵੱਸਦੇ ਸਨ, ਜੋ ਹੁਣ ਵਧ ਕੇ 500 ਹੋ ਚੁੱਕੇ ਹਨ। ਇਨ੍ਹਾਂ 500 ਪਰਿਵਾਰਾਂ ਨੇ ਇੱਥੇ ਤਿੰਨ ਮਿਲੀਅਨ ਦੀ ਲਾਗਤ ਵਾਲਾ ਵੱਡਾ ਉਸਾਰੀ ਪ੍ਰਾਜੈਕਟ ਆਰੰਭ ਦਿੱਤਾ ਹੈ।

© 2016 News Track Live - ALL RIGHTS RESERVED