ਅਮਰੀਕਾ, ਫਰਾਂਸ, ਚੀਨ ਤੇ ਬ੍ਰਿਟੇਨ ਨੇ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਤੋਂ ਕੰਮ ਲੈਣ ਦੀ ਸਲਾਹ ਦਿੱਤੀ

Feb 28 2019 04:06 PM
ਅਮਰੀਕਾ, ਫਰਾਂਸ, ਚੀਨ ਤੇ ਬ੍ਰਿਟੇਨ ਨੇ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਤੋਂ ਕੰਮ ਲੈਣ ਦੀ ਸਲਾਹ ਦਿੱਤੀ

ਵਾਸ਼ਿੰਗਟਨ:

ਅਮਰੀਕਾ, ਫਰਾਂਸ, ਚੀਨ ਤੇ ਬ੍ਰਿਟੇਨ ਨੇ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕਾ, ਫਰਾਂਸ ਤੇ ਬ੍ਰਿਟੇਨ ਨੇ ਪਾਕਿਸਤਾਨੀ ਅੱਤਵਾਦੀ ਮਸੂਦ ਅਜਹਰ ਤੇ ਉਸ ਦੇ ਸੰਗਠਨ ਜੈਸ਼-ਏ-ਮੁਹੰਮਦ 'ਤੇ ਬੈਨ ਲਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਨਵਾਂ ਮਤਾ ਪੇਸ਼ ਕੀਤਾ ਹੈ।
ਇਸ ਦੇ ਨਾਲ ਹੀ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਆਪਣੀ ਧਰਤੀ ਤੋਂ ਕਾਰਵਾਈਆਂ ਚਲਾ ਰਹੇ ਦਹਿਸ਼ਤੀ ਗੁੱਟਾਂ ਖ਼ਿਲਾਫ਼ ‘ਠੋਸ ਕਾਰਵਾਈ’ ਕਰੇ। ਅਮਰੀਕਾ, ਰੂਸ ਤੇ ਇੰਗਲੈਂਡ ਨੇ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਕਿਹਾ ਹੈ ਤਾਂ ਜੋ ਖ਼ਿੱਤੇ ’ਚ ਹਾਲਾਤ ਹੋਰ ਨਾ ਵਿਗੜਨ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਫੋਨ ਕਰਕੇ ਫ਼ੌਜੀ ਕਾਰਵਾਈ ਰੋਕਣ ਲਈ ਵੀ ਕਿਹਾ। ਉਧਰ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਮਰੀਕਾ ਤੇ ਭਾਰਤ ਵਿਚਕਾਰ ਸੁਰੱਖਿਆ ਭਾਈਵਾਲੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਖ਼ਿੱਤੇ ’ਚ ਸ਼ਾਂਤੀ ਤੇ ਸੁਰੱਖਿਆ ਕਾਇਮ ਰੱਖਣਾ ਦੋਵੇਂ ਮੁਲਕਾਂ ਦਾ ਟੀਚਾ ਹੈ।
ਵੀਅਤਨਾਮ ’ਚ ਪੌਂਪੀਓ ਨੇ ਕਿਹਾ ਕਿ ਉਨ੍ਹਾਂ ਦੋਵੇਂ ਮੁਲਕਾਂ ਦੇ ਮੰਤਰੀਆਂ ਨੂੰ ਫ਼ੌਜੀ ਸਰਗਰਮੀਆਂ ਰੋਕ ਕੇ ਸਿੱਧੀ ਗੱਲਬਾਤ ਨੂੰ ਤਰਜੀਹ ਦੇਣ ਲਈ ਕਿਹਾ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਵੀ ਭਾਰਤ-ਪਾਕਿਸਤਾਨ ਸਰਹੱਦ ਉਪਰ ਵਧਦੇ ਤਣਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਦੋਵੇਂ ਮੁਲਕਾਂ ਨੂੰ ਸੰਜਮ ਵਰਤਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਦੋਵੇਂ ਮੁਲਕਾਂ ਨੂੰ ਅਤਿਵਾਦ ਨਾਲ ਨਜਿੱਠਣ ’ਚ ਸਹਿਯੋਗ ਕਰ ਸਕਦਾ ਹੈ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਹਾਊਸ ਆਫ਼ ਕਾਮਨਜ਼ ’ਚ ਦੱਸਿਆ ਕਿ ਉਹ ਭਾਰਤ-ਪਾਕਿਸਤਾਨ ’ਚ ਤਣਾਅ ਘਟਾਉਣ ਲਈ ਉਨ੍ਹਾਂ ਦੇ ਸੰਪਰਕ ’ਚ ਹਨ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮੇਤ ਹੋਰ ਕੌਮਾਂਤਰੀ ਭਾਈਵਾਲਾਂ ਨਾਲ ਵੀ ਮਿਲ ਕੇ ਵਿਚਾਰ ਵਟਾਂਦਰਾ ਹੋ ਰਿਹਾ ਹੈ ਤਾਂ ਜੋ ਖ਼ਿੱਤੇ ’ਚ ਤਣਾਅ ਘਟਾਇਆ ਜਾ ਸਕੇ। ਵਿਦੇਸ਼ ਮਾਮਲਿਆਂ ਨਾਲ ਸਬੰਧਤ ਮੰਤਰੀ ਮਾਈਕ ਫੀਲਡ ਨੇ ਕਿਹਾ ਕਿ ਉਹ ਵੀਰਵਾਰ ਨੂੰ ਭਾਰਤ ਜਾ ਰਹੇ ਹਨ ਤੇ ਮੌਕੇ ’ਤੇ ਹਾਲਾਤ ਦਾ ਜਾਇਜ਼ਾ ਲੈਣਗੇ।
ਚੀਨ ਨੇ ਇਕ ਵਾਰ ਫੇਰ ਤੋਂ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਤੇ ਤਣਾਅ ਘਟਾਉਣ ਦੀ ਸਲਾਹ ਦਿੱਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਊ ਕਾਂਗ ਨੇ ਕਿਹਾ ਹੈ ਕਿ ਦੋਵੇਂ ਮੁਲਕ ਗੱਲਬਾਤ ਦਾ ਰਾਹ ਅਖ਼ਤਿਆਰ ਕਰਨ ਤੇ ਖਿੱਤੇ ਵਿਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ।

© 2016 News Track Live - ALL RIGHTS RESERVED