ਭਾਰਤੀ ਹਵਾਈ ਹਮਲੇ ਨਾਲ ਅੱਤਵਾਦੀ ਟਿਕਾਣੇ ਤਬਾਹ ਨਹੀਂ ਹੋਏ

Mar 07 2019 04:01 PM
ਭਾਰਤੀ ਹਵਾਈ ਹਮਲੇ ਨਾਲ ਅੱਤਵਾਦੀ ਟਿਕਾਣੇ ਤਬਾਹ ਨਹੀਂ ਹੋਏ

ਸਿੰਗਾਪੁਰ:

ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤੀ ਹਵਾਈ ਹਮਲੇ ਨਾਲ ਅੱਤਵਾਦੀ ਟਿਕਾਣੇ ਤਬਾਹ ਨਹੀਂ ਹੋਏ। ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਵੱਲੋਂ ਚਲਾਏ ਜਾਂਦੇ ਮਦਰੱਸੇ ਦੀਆਂ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਇਹ ਖੁਲਾਸਾ ਖਬਰ ਏਜੰਸੀ ਰਾਇਟਰਜ਼ ਨੇ ਕੀਤਾ ਹੈ।
ਏਜੰਸੀ ਨੂੰ ਪ੍ਰਾਪਤ ਹੋਈਆਂ ਉਪ-ਗ੍ਰਹਿ ਦੀਆਂ ਤਸਵੀਰਾਂ ਵਿੱਚ ਉੱਤਰ-ਪੱਛਮੀ ਪਾਕਿਸਤਾਨ ’ਚ ਜੈਸ਼-ਏ-ਮੁਹੰਮਦ ਵੱਲੋਂ ਚਲਾਏ ਜਾਂਦੇ ਮਦਰੱਸੇ ਦੀਆਂ ਇਮਾਰਤਾਂ ਅਜੇ ਵੀ ਦਿਸ ਰਹੀਆਂ ਹਨ, ਜਦੋਂਕਿ ਭਾਰਤ ਨੇ ਦਾਅਵਾ ਕੀਤਾ ਸੀ ਕਿ ਇਸ ਦੇ ਜੰਗੀ ਜਹਾਜ਼ਾਂ ਨੇ ਇਸ ਜਗ੍ਹਾ ’ਤੇ ਚੱਲਦੇ ਇਸਲਾਮਕ ਗਰੁੱਪ ਦੇ ਟਰੇਨਿੰਗ ਕੈਂਪ ਨੂੰ ਤਬਾਹ ਕਰ ਦਿੱਤਾ ਤੇ ਇਸ ਹਮਲੇ ਵਿੱਚ ਵੱਡੀ ਗਿਣਤੀ ਅਤਿਵਾਦੀ ਮਾਰੇ ਗਏ ਸਨ।
ਸਾਨ ਫਰਾਂਸਿਸਕੋ ਆਧਾਰਤ ਪ੍ਰਾਈਵੇਟ ਉਪ ਗ੍ਰਹਿ ਅਪਰੇਟਰ ਪਲੈਨਿਟ ਲੈਬਜ਼ ਵੱਲੋਂ ਲਈਆਂ ਗਈਆਂ ਤਸਵੀਰਾਂ ਵਿੱਚ ਭਾਰਤੀ ਹਵਾਈ ਹਮਲੇ ਤੋਂ ਛੇ ਦਿਨਾਂ ਬਾਅਦ 4 ਮਾਰਚ ਨੂੰ ਵੀ ਮਦਰੱਸੇ ਦੀਆਂ ਛੇ ਇਮਾਰਤਾਂ ਖੜ੍ਹੀਆਂ ਦਿਸ ਰਹੀਆਂ ਹਨ। ਹੁਣ ਤੱਕ ਜਨਤਕ ਤੌਰ ’ਤੇ ਉਪ-ਗ੍ਰਹਿ ਦੀਆਂ ਇੰਨੀਆਂ ਸਾਫ਼ ਤਸਵੀਰਾਂ ਮੌਜੂਦ ਨਹੀਂ ਸਨ। ਪਲੈਨਿਟ ਲੈਬ ਵੱਲੋਂ ਲਈਆਂ ਗਈਆਂ ਤਕਰੀਬਨ 72 ਸੈਂਟੀਮੀਟਰ ਦੀਆਂ ਉਪ-ਗ੍ਰਹਿ ਦੀਆਂ ਇਨ੍ਹਾਂ ਤਸਵੀਰਾਂ ਵਿੱਚ ਇਮਾਰਤਾਂ ਖੜ੍ਹੀਆਂ ਸਾਫ਼ ਦਿਸ ਰਹੀਆਂ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਤਬਾਹ ਕਰਨ ਦਾ ਦਾਅਵਾ ਕੀਤਾ ਸੀ।
ਉਪ-ਗ੍ਰਹਿ ਦੀ ਇਸ ਤਸਵੀਰ ਵਿੱਚ ਅਪਰੈਲ 2018 ਤੋਂ ਲੈ ਕੇ ਹੁਣ ਤੱਕ ਕੋਈ ਬਦਲਾਅ ਨਜ਼ਰ ਨਹੀਂ ਆਇਆ। ਇਮਾਰਤਾਂ ਦੀਆਂ ਛੱਤਾਂ ਵਿੱਚ ਨਾ ਤਾਂ ਛੇਕ ਹਨ, ਨਾ ਝੁਲਸਣ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਇਨ੍ਹਾਂ ਇਮਾਰਤਾਂ ਦੀਆਂ ਕੰਧਾਂ ’ਤੇ ਧੂੰਏਂ ਦੇ ਨਿਸ਼ਾਨ ਜਾਂ ਮਦਰੱਸੇ ਦੁਆਲੇ ਪੁੱਟੇ ਹੋਏ ਦਰੱਖਤਾਂ ਤੋਂ ਇਲਾਵਾ ਹਵਾਈ ਹਮਲੇ ਦੇ ਕੋਈ ਨਿਸ਼ਾਨ ਨਹੀਂ ਦਿਖਾਈ ਦੇ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਵੱਲੋਂ ਅੱਠ ਦਿਨ ਪਹਿਲਾਂ ਜਾਰੀ ਕੀਤੇ ਗਏ ਬਿਆਨਾਂ ’ਤੇ ਸ਼ੱਕ ਹੁੰਦਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 26 ਫਰਵਰੀ ਨੂੰ ਤੜਕੇ ਪਾਕਿਸਤਾਨ ਦੇ ਖੈਬਰ ਪਖ਼ਤੂਨਵਾ ਖੇਤਰ ਵਿੱਚ ਪੈਂਦੇ ਬਾਲਾਕੋਟ ਅਤੇ ਜਾਬਾ ਨੇੜੇ ਮਦਰੱਸੇ ਵਾਲੀ ਥਾਂ ਨੂੰ ਭਾਰਤੀ ਜੰਗੀ ਜਹਾਜ਼ਾਂ ਨੇ ਹਮਲਾ ਕਰ ਕੇ ਤਬਾਹ ਕਰ ਦਿੱਤਾ।
ਦੂਜੇ ਪਾਸੇ ਭਾਰਤੀ ਹਵਾਈ ਫੌਜ ਨੇ ਸਰਕਾਰੀ ਰਾਡਾਰਾਂ ਤੇ ਉਪ ਗ੍ਰਹਿ ਤੋਂ ਲਈਆਂ ਤਸਵੀਰਾਂ ਜਾਰੀ ਕੀਤੀਆਂ ਹਨ ,ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਹਵਾਈ ਫੌਜ ਵੱਲੋਂ ਪਾਕਿਸਤਾਨ ਸਥਿਤ ਬਾਲਾਕੋਟ ’ਚ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਹਵਾਈ ਹਮਲਾ ਕਰਕੇ ਕਾਫੀ ਨੁਕਸਾਨ ਪਹੁੰਚਾਇਆ ਗਿਆ ਹੈ। ਇਹ ਜਾਣਕਾਰੀ ਫੌਜ ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ।

© 2016 News Track Live - ALL RIGHTS RESERVED