ਚੰਦਰਯਾਨ-2 ਦੀ ਲਾਂਚਿੰਗ ਐਨ ਮੌਕੇ 'ਤੇ ਟਾਲ ਦਿੱਤੀ

ਚੰਦਰਯਾਨ-2 ਦੀ ਲਾਂਚਿੰਗ ਐਨ ਮੌਕੇ 'ਤੇ ਟਾਲ ਦਿੱਤੀ

ਸ਼੍ਰੀਹਰੀਕੋਟਾ:

ਭਾਰਤੀ ਪੁਲਾੜ ਖੋਜ ਅਦਾਰਾ (ISRO) ਨੇ ਚੰਦਰਯਾਨ-2 ਦੀ ਲਾਂਚਿੰਗ ਐਨ ਮੌਕੇ 'ਤੇ ਟਾਲ ਦਿੱਤੀ ਹੈ। ਇਹ ਮਿਸ਼ਨ ਸੋਮਵਾਰ ਰਾਤ 2:51 'ਤੇ GSLV ਮਾਰਕ 3 ਰਾਕੇਟ 'ਤੇ ਜਾਣਾ ਸੀ। ਪਰ ਲਾਂਚਿੰਗ ਤੋਂ 56 ਮਿੰਟ 24 ਸੈਕੇਂਡ ਪਹਿਲਾਂ ਇਸ ਵਿੱਚ ਤਕਨੀਕੀ ਖਰਾਬੀ ਦਾ ਪਤਾ ਲੱਗਾ। ਇਸ ਤਕਨੀਕੀ ਖ਼ਰਾਬੀ ਕਾਰਨ ਹੁਣ ਚੰਦਰਯਾਨ ਨੂੰ ਕਿਸੇ ਹੋਰ ਦਿਨ ਲਾਂਚ ਕੀਤਾ ਜਾਵੇਗਾ ਅਤੇ ਲਾਂਚਿੰਗ ਦਾ ਅਗਲਾ ਸਮਾਂ 10 ਦਿਨ ਬਾਅਦ ਤੈਅ ਕੀਤਾ ਜਾਵੇਗਾ।
ਚੰਦਰਯਾਨ ਮਿਸ਼ਨ ਨੂੰ ਦੇਖਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਰਾਤ ਨੂੰ ਸ਼੍ਰੀਹਰਿਕੋਟਾ 'ਚ ਸਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕ੍ਰਾਇਓਜੈਨਿਕ ਬਾਲਣ ਭਰਦੇ ਸਮੇਂ ਖਰਾਬੀ ਦਾ ਪਤਾ ਲੱਗਿਆ, ਜਿਸ ਕਾਰਨ ਕਾਊਂਟਡਾਊਨ ਰੋਕ ਦਿੱਤਾ ਗਿਆ। ਹੁਣ ਪੂਰੇ ਬਾਲਣ ਨੂੰ ਟੈਂਕ ਵਿੱਚੋਂ ਬਾਹਰ ਕੱਢ ਕੇ ਮੁੜ ਜਾਂਚ ਕੀਤੀ ਜਾਵੇਗੀ। ਇਸ ਵਿੱਚ ਤਕਰੀਬਨ 10 ਦਿਨਾਂ ਦਾ ਸਮਾਂ ਲੱਗੇਗਾ, ਇਸ ਤੋਂ ਬਾਅਦ ਅਗਲਾ ਸ਼ਡਿਊਲ ਦੱਸਿਆ ਜਾਵੇਗਾ।
ਈਸਰੋ ਪਹਿਲਾਂ ਇਸ ਮਿਸ਼ਨ ਨੂੰ ਅਕਤੂਬਰ 2018 'ਚ ਲਾਂਚ ਕਰਨ ਵਾਲਾ ਸੀ। ਬਾਅਦ 'ਚ ਇਸ ਦੀ ਤਾਰੀਖ ਵਧਾ ਕੇ 3 ਜਨਵਰੀ ਕਰ ਦਿੱਤੀ ਗਈ ਤੇ ਫੇਰ 31 ਜਨਵਰੀ। ਪਰ ਕੁਝ ਹੋਰਨਾਂ ਕਾਰਨਾਂ ਕਰਕੇ 15 ਜੁਲਾਈ ਤਕ ਇਸ ਨੂੰ ਟਾਲ ਦਿੱਤਾ ਗਿਆ ਸੀ, ਇਸ ਦੌਰਾਨ ਬਦਲਾਅ ਕਰਨ ਦੀ ਵਜ੍ਹਾ ਨਾਲ ਚੰਦਰਯਾਨ-2 ਦਾ ਭਾਰ ਵੀ ਪਹਿਲਾਂ ਨਾਲੋਂ ਵੱਧ ਹੋਇਆ ਦੱਸਿਆ ਜਾ ਰਿਹਾ ਹੈ। ਇਸ ਪ੍ਰਾਜੈਕਟ 'ਤੇ ਤਕਰੀਬਨ 978 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ। ਚੰਦਰਯਾਨ-2 ਇਸਰੋ ਦਾ ਸਭ ਤੋਂ ਗੁੰਝਲਦਾਰ ਮਿਸ਼ਨ ਹੈ। ਜੇਕਰ ਇਹ ਸਫਲ ਹੁੰਦਾ ਹੈ ਤਾਂ ਭਾਰਤ ਵੀ ਰੂਸ, ਅਮਰੀਕਾ ਤੇ ਚੀਨ ਤੋਂ ਬਾਅਦ ਚੰਦ ਦੀ ਧਰਤੀ 'ਤੇ ਸਾਫਟ ਲੈਂਡਿੰਗ ਕਰਵਾਉਣ ਵਾਲਾ ਚੌਥਾ ਦੇਸ਼ ਬਣ ਜਾਵੇਗਾ।

 

© 2016 News Track Live - ALL RIGHTS RESERVED