ਕੇਂਦਰੀ ਮੰਤਰੀ ਜੀਤੇਂਦਰ ਸਿੰਘ ਤੋਮਰ ਨੇ ਵੀ ਪੀਓਕੇ ਬਾਰੇ ਵੱਡਾ ਬਿਆਨ ਦਿੱਤਾ

ਕੇਂਦਰੀ ਮੰਤਰੀ ਜੀਤੇਂਦਰ ਸਿੰਘ ਤੋਮਰ ਨੇ ਵੀ ਪੀਓਕੇ ਬਾਰੇ ਵੱਡਾ ਬਿਆਨ ਦਿੱਤਾ

ਨਵੀਂ ਦਿੱਲੀ:

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਬੇਅਸਰ ਕਰਨ ਤੋਂ ਬਾਅਦ ਭਾਜਪਾ ਹੁਣ ਮਕਬੂਜ਼ਾ ਕਸ਼ਮੀਰ ਦੇ ਪਿੱਛੇ ਪੈ ਗਈ ਹੈ। ਬੀਤੇ ਦਿਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਤੋਮਰ ਨੇ ਵੀ ਪੀਓਕੇ ਬਾਰੇ ਵੱਡਾ ਬਿਆਨ ਦਿੱਤਾ ਹੈ।
ਜੀਤੇਂਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਹੁਣ ਪਾਕਿਸਤਾਨ ਦੇ ਕਬਜ਼ੇ ਵਿੱਚ ਕਸ਼ਮੀਰ ਨੂੰ ਆਜ਼ਾਦ ਕਰਵਾਉਣ ਤੇ ਇਸ ਨੂੰ ਭਾਰਤ ਵਿੱਚ ਸ਼ਾਮਲ ਕਰਨ ਦਾ ਸਮਾਂ ਆ ਗਿਆ ਹੈ। ਇਸ ਵਿੱਚ ਸੰਸਦ ਦੀ ਵੀ ਪੂਰੀ ਸਹਿਮਤੀ ਹੈ। ਉਨ੍ਹਾਂ ਭਾਜਪਾ ਦੇ ਹੈੱਡਕੁਆਟਰ ਵਿੱਚ ਕਿਹਾ, "ਅਸੀਂ ਭਾਗਾਂ ਵਾਲੇ ਹਾਂ ਕਿ ਅਸੀਂ ਇਹ ਸਭ (ਧਾਰਾ 370) ਖ਼ਤਮ ਹੁੰਦੇ ਦੇਖਿਆ। ਸਾਡੀਆਂ ਤਿੰਨ ਪੀੜ੍ਹੀਆਂ ਨੇ ਇਸ ਲਈ ਕੁਰਬਾਨੀਆਂ ਦਿੱਤੀਆਂ ਹਨ। ਇਸ ਇਤਿਹਾਸਕ ਕਦਮ ਤੋਂ ਬਾਅਦ ਸਕਾਰਾਤਮਕ ਸੋਚ ਨਾਲ ਕੰਮ ਕਰਨਾ ਹੋਵੇਗਾ ਤੇ ਗੈਰ ਕਾਨੂੰਨੀ ਤਰੀਕੇ ਨਾਲ ਹਥਿਆਏ ਪੀਓਕੇ ਨੂੰ ਆਜ਼ਾਦ ਕਰਵਾਉਣਾ ਹੈ।"
ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਕਹਿ ਚੁੱਕੇ ਹਨ ਕਿ ਜੇਕਰ ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਕਰਨੀ ਹੈ ਤਾਂ ਪਹਿਲਾਂ ਉਹ ਅੱਤਵਾਦ ਰੋਕੇ। ਕਸ਼ਮੀਰ ਮੁੱਦੇ 'ਤੇ ਪਾਕਿ ਕੌਮਾਂਤਰੀ ਭਾਈਚਾਰੇ ਦੇ ਦਰਵਾਜ਼ੇ ਖੜਕਾ ਰਿਹਾ ਹੈ। ਹੁਣ ਪਾਕਿਸਤਾਨ ਨਾਲ ਗੱਲਬਾਤ ਸਿਰਫ ਪੀਓਕੇ 'ਤੇ ਹੋਵੇਗੀ। ਜੀਤੇਂਦਰ ਸਿੰਘ ਨੇ ਵੀ ਰੱਖਿਆ ਮੰਤਰੀ ਦੇ ਬਿਆਨ ਨਾਲ ਆਪਣੀ ਸਹਿਮਤੀ ਜਤਾਈ।

© 2016 News Track Live - ALL RIGHTS RESERVED