ਜਲਦੀ ਹੀ ਪਲਾਸਟਿਕ ਡੈਬਿਟ ਕਾਰਡ ਖ਼ਤਮ ਹੋ ਜਾਣਗੇ

Aug 20 2019 03:10 PM
ਜਲਦੀ ਹੀ ਪਲਾਸਟਿਕ ਡੈਬਿਟ ਕਾਰਡ ਖ਼ਤਮ ਹੋ ਜਾਣਗੇ

ਮੁੰਬਈ:

ਭਾਰਤੀ ਸਟੇਟ ਬੈਂਕ (ਐਸਬੀਆਈ) ਬਾਜ਼ਾਰਾਂ ਤੋਂ ਏਟੀਐਮ ਮਸ਼ੀਨਾਂ ਨੂੰ ਘਟਾਉਣ ਤੇ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਜੇ ਬੈਂਕ ਦੀ ਇਹ ਯੋਜਨਾ ਸਫਲ ਹੋ ਗਈ ਤਾਂ ਜਲਦੀ ਹੀ ਪਲਾਸਟਿਕ ਡੈਬਿਟ ਕਾਰਡ ਖ਼ਤਮ ਹੋ ਜਾਣਗੇ। ਇਸ ਦੀ ਥਾਂ ਵੱਧ ਡਿਜੀਟਲ ਭੁਗਤਾਨ ਪ੍ਰਣਾਲੀ ਲਿਆਂਦੀ ਜਾਏਗੀ। ਇਹ ਜਾਣਕਾਰੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਦਿੱਤੀ।
ਮੁੰਬਈ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਜਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਡੈਬਿਟ ਕਾਰਡ ਨੂੰ ਚੱਲਣ ਤੋਂ ਬਾਹਰ ਕਰਾਉਣ ਦੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਉਹ ਉਨ੍ਹਾਂ ਨੂੰ ਖ਼ਤਮ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ 90 ਕਰੋੜ ਡੈਬਿਟ ਕਾਰਡ ਤੇ ਤਿੰਨ ਕਰੋੜ ਕ੍ਰੈਡਿਟ ਕਾਰਡ ਮੌਜੂਦ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਹੱਲ ਪੇਸ਼ ਕਰਨ ਵਾਲੇ ਉਨ੍ਹਾਂ ਦੇ ‘YONO’ ਪਲੇਟਫਾਰਮ ਦੀ ਡੈਬਿਟ ਕਾਰਡ ਮੁਕਤ ਦੇਸ਼ ਬਣਾਉਣ ਵਿੱਚ ਅਹਿਮ ਭੂਮਿਕਾ ਰਹੇਗੀ।
ਐਸਬੀਆਈ ਦੇ ਚੇਅਰਮੈਨ ਨੇ ਕਿਹਾ ਕਿ YONO ਦੇ ਜ਼ਰੀਏ ਏਟੀਐਮ ਮਸ਼ੀਨਾਂ ਤੋਂ ਨਕਦ ਕੱਢਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਦੁਕਾਨਾਂ ਤੋਂ ਸਾਮਾਨ ਵੀ ਖ੍ਰੀਦਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਪਹਿਲਾਂ ਹੀ 68,000 ‘ਯੋਨੋ ਕੈਸ਼ ਪੁਆਇੰਟ’ ਸਥਾਪਤ ਕਰ ਚੁੱਕਾ ਹੈ ਤੇ ਅਗਲੇ 18 ਮਹੀਨਿਆਂ ਵਿੱਚ ਇਸ ਨੂੰ ਵਧਾ ਕੇ 10 ਲੱਖ ਕਰਨ ਦੀ ਯੋਜਨਾ ਹੈ।

© 2016 News Track Live - ALL RIGHTS RESERVED