ਕਸ਼ਮੀਰ ਉਨ੍ਹਾਂ ਦੀ ਦੁਖ਼ਦੀ ਰਗ

Sep 07 2019 04:56 PM
ਕਸ਼ਮੀਰ ਉਨ੍ਹਾਂ ਦੀ ਦੁਖ਼ਦੀ ਰਗ

ਰਾਵਲਪਿੰਡੀ:

ਪਾਕਿਸਤਾਨ ਦੇ ਆਰਮੀ ਚੀਫ ਕਮਰ ਜਾਵੇਦ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਸ਼ਮੀਰ ਉਨ੍ਹਾਂ ਦੀ ਦੁਖ਼ਦੀ ਰਗ ਹੈ। ਉਨ੍ਹਾਂ ਕਿਹਾ ਕਿ ਆਪਣੇ ਕਸ਼ਮੀਰੀ ਭੈਣ-ਭਰਾਵਾਂ ਲਈ ਉਹ ਆਖ਼ਰੀ ਗੋਲ਼ੀ ਤੇ ਆਖ਼ਰੀ ਜਵਾਨ ਤਕ ਜੰਗ ਲੜਨਗੇ। ਕਸ਼ਮੀਰ ਦੇ ਹਾਲਾਤਾਂ 'ਤੇ ਚਿੰਤਾ ਜਤਾਉਂਦਿਆਂ ਬਾਜਵਾ ਨੇ ਕਿਹਾ ਕਿ ਕਸ਼ਮੀਰੀ ਜਨਤਾ ਭਾਰਤ ਦੀ ਹਿੰਦੂਵਾਦੀ ਸਰਕਾਰ ਤੇ ਉੱਥੋਂ ਦੀ ਫੌਜ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਘਾਟੀ ਵਿੱਚ ਭਾਰਤ ਸਮਰਥਿਤ ਅੱਤਵਾਦ ਹੈ।
ਬਾਜਵਾ ਮੁਤਾਬਕ ਪਾਕਿਸਤਾਨ ਨੇ ਅੱਤਵਾਦ ਦੇ ਮੁੱਦੇ 'ਤੇ ਉਸ ਦੀ ਹਰ ਜ਼ਿੰਮੇਵਾਰੀ ਬਿਹਤਰ ਤਰੀਕੇ ਨਾਲ ਨਿਭਾਈ। ਹੁਣ ਸਮਾਂ ਆ ਗਿਆ ਹੈ ਕਿ ਕੌਮਾਂਤਰੀ ਭਾਈਚਾਰਾ ਆਪਣੇ ਹਿੱਸੇ ਦਾ ਹੱਕ ਅਦਾ ਕਰੇ। ਸਾਡਾ ਆਖ਼ਰੀ ਲਕਸ਼ ਸ਼ਾਂਤੀਪੂਰਨ ਤੇ ਮਜ਼ਬੂਤ ਪਾਕਿਸਤਾਨ ਬਣਾਉਣਾ ਹੈ। ਅਸੀਂ ਹੌਲੀ-ਹੌਲੀ ਉਸੇ ਵੱਲ ਵਧ ਰਹੇ ਹਾਂ। ਸਾਡੀਆਂ ਫੌਜਾਂ ਇਸੇ ਗੱਲ ਦੀ ਤਸਦੀਕ ਕਰਾਉਂਦੀਆਂ ਹਨ ਕਿ ਕਿਸੇ ਵੀ ਜੰਗ ਤੇ ਅੱਤਵਾਦ ਦੇ ਖ਼ਾਤਮੇ ਲਈ ਜਾਨ ਦੇਣ ਤੋਂ ਨਹੀਂ ਹਿਚਕਣਗੀਆਂ।
ਪਾਕਿ ਫੌਜ ਮੁਖੀ ਨੇ ਕਿਹਾ ਕਿ ਅੱਤਵਾਦ ਦੇ ਖ਼ਿਲਾਫ਼ ਲੜਾਈ ਵਿੱਚ ਸਾਡੇ ਜਵਾਨ ਦੀਵਾਰ ਵਾਂਗ ਖੜੇ ਹਨ। ਅਸੀਂ ਦੁਸ਼ਮਣ ਦੀ ਕਿਸੇ ਵੀ ਯੋਜਨਾ ਨੂੰ ਨਕਾਰਾ ਕਰ ਸਕਦੇ ਹਾਂ। ਸਾਡੇ ਸੈਨਿਕ ਬਿਹਤਰ ਕੱਲ੍ਹ ਲਈ ਅੱਜ ਕਿਸੇ ਵੀ ਕੁਰਬਾਨੀ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਦੇਸ਼ ਆਪਣੇ ਸ਼ਹੀਦਾਂ-ਗਾਜ਼ੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੇਗਾ। ਬਾਜਵਾ ਨੇ ਇਹ ਗੱਲਾਂ ਰਾਵਲਪਿੰਡੀ ਵਿੱਚ ਆਰਮੀ ਹੈਡਕੁਆਰਟਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਹੀਆਂ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED