ਕਰਤਾਰਪੁਰ ਸਾਹਿਬ ਲਾਂਘਾ ਸ਼੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਖੋਲ੍ਹ ਦਿੱਤਾ ਜਾਵੇਗਾ

Oct 11 2019 01:28 PM
ਕਰਤਾਰਪੁਰ ਸਾਹਿਬ ਲਾਂਘਾ ਸ਼੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਖੋਲ੍ਹ ਦਿੱਤਾ ਜਾਵੇਗਾ

ਇਸਲਾਮਾਬਾਦ:

ਪਾਕਿਸਤਾਨ ਨੇ ਸਪਸ਼ਟ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਸ਼੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਖੋਲ੍ਹ ਦਿੱਤਾ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਾਰਾ ਕੰਮ ਸਮੇਂ 'ਤੇ ਮੁਕੰਮਲ ਹੋ ਜਾਏਗਾ ਤੇ ਸਹੀ ਸਮੇਂ 'ਤੇ ਲਾਂਘਾ ਖੋਲ੍ਹ ਦਿੱਤਾ ਜਾਏਗਾ। ਉਂਝ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਲਾਂਘੇ ਦੇ ਉਦਘਾਟਨ ਦੀ ਅਜੇ ਕੋਈ ਪੱਕੀ ਤਰੀਕ ਤੈਅ ਨਹੀਂ ਕੀਤੀ ਗਈ।

ਯਾਦ ਰਹੇ ਲਾਂਘੇ ਦੇ ਪ੍ਰਾਜੈਕਟ ਦੀ ਦੇਖ-ਰੇਖ ਕਰ ਰਹੇ ਸੀਨੀਅਰ ਅਧਿਕਾਰੀ ਨੇ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9 ਨਵੰਬਰ ਤੋਂ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਬੇਸ਼ੱਕ ਪਾਕਿਸਤਾਨ ਸਰਕਾਰ ਨੇ ਲਾਂਘਾ ਸਹੀ ਸਮੇਂ 'ਤੇ ਖੋਲ੍ਹਣ ਦਾ ਭਰੋਸਾ ਦਿੱਤਾ ਹੈ ਪਰ ਨਾਲ ਹੀ ਸਪਸ਼ਟ ਕੀਤਾ ਹੈ ਕਿ ਅਜੇ ਕੋਈ ਤਾਰੀਖ ਤੈਅ ਨਹੀਂ ਹੋਈ। ਵਿਦੇਸ਼ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਉਦਘਾਟਨੀ ਸਮਾਗਮ ਲਈ ਰਸਮੀ ਤੌਰ ’ਤੇ ਸੱਦਾ ਭੇਜਿਆ ਗਿਆ ਹੈ।

ਲਾਹੌਰ ਤੋਂ 125 ਕਿਲੋਮੀਟਰ ਦੂਰ ਨਾਰੋਵਾਲ ’ਚ ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ 16 ਸਤੰਬਰ ਨੂੰ ਪਾਕਿਸਤਾਨੀ ਤੇ ਵਿਦੇਸ਼ੀ ਪੱਤਰਕਾਰਾਂ ਦੇ ਆਏ ਵਫ਼ਦ ਨੂੰ ਪ੍ਰਾਜੈਕਟ ਡਾਇਰੈਕਟਰ ਆਤਿਫ਼ ਮਾਜਿਦ ਨੇ ਦੱਸਿਆ ਸੀ ਕਿ ਲਾਂਘੇ ਦਾ ਕੰਮ 86 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ ਤੇ ਇਹ ਸੰਗਤ ਲਈ 9 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ।

 

© 2016 News Track Live - ALL RIGHTS RESERVED