ਭਾਰਤੀ ਸਰਹੱਦ ਅੰਦਰ ਡ੍ਰੋਨ ਚੱਕਰ ਲਾਉਂਦੇ ਕਈ ਵਾਰ ਵੇਖੇ ਗਏ

Oct 10 2019 06:21 PM
ਭਾਰਤੀ ਸਰਹੱਦ ਅੰਦਰ ਡ੍ਰੋਨ ਚੱਕਰ ਲਾਉਂਦੇ ਕਈ ਵਾਰ ਵੇਖੇ ਗਏ

ਚੰਡੀਗੜ੍ਹ:

ਪੰਜਾਬ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ 'ਤੇ ਲਗਾਤਾਰ ਡ੍ਰੋਨ ਮੰਡਰਾਉਣ ਲੱਗੇ ਹਨ। ਬੇਸ਼ੱਕ ਡ੍ਰੋਨਾਂ ਰਾਹੀਂ ਹਥਿਆਰ ਸੁੱਟਣ ਦਾ ਅਜੇ ਇੱਕੋ ਮਾਮਲਾ ਸਾਹਮਣੇ ਆਇਆ ਹੈ ਪਰ ਭਾਰਤੀ ਸਰਹੱਦ ਅੰਦਰ ਡ੍ਰੋਨ ਚੱਕਰ ਲਾਉਂਦੇ ਕਈ ਵਾਰ ਵੇਖੇ ਗਏ ਹਨ। ਸੁਰੱਖਿਆ ਏਜੰਸੀਆਂ ਇਸ ਨੂੰ ਲੈ ਕੇ ਚੌਕਸ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਸਰਹੱਦ 'ਤੇ ਸਖਤੀ ਕਾਰਨ ਤਸਕਰ ਵੀ ਡ੍ਰੋਨਾਂ ਦੀ ਵਰਤੋਂ ਕਰਨ ਲੱਗੇ ਹਨ। ਦੂਜੇ ਪਾਸੇ ਸੁਰੱਖਿਆ ਏਜੰਸੀਆਂ ਇਹ ਵੀ ਮੰਨ ਕੇ ਚੱਲ਼ ਰਹੀਆਂ ਹਨ ਕਿ ਪੰਜਾਬ ਵਿੱਚ ਹਥਿਆਰ ਭੇਜਣ ਲਈ ਵੀ ਡ੍ਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਬੀਤੇ ਢਾਈ ਸਾਲਾਂ ਵਿੱਚ 200 ਤੋਂ ਵੱਧ ਆਧੁਨਿਕ ਹਥਿਆਰ ਫੜੇ ਗਏ ਹਨ ਜਿਨ੍ਹਾਂ ਵਿੱਚ ਕੁਝ ਖਾਸ ਕਿਸਮ ਦੇ ਹਥਿਆਰ ਵੀ ਸ਼ਾਮਲ ਹਨ। ਇਸ ਤੋਂ ਜਾਪਦਾ ਹੈ ਕਿ ਹਰ ਤੀਜੇ ਦਿਨ ਇੱਕ ਹਥਿਆਰ ਦੀ ਤਸਕਰੀ ਹੁੰਦੀ ਹੈ। ਸਰਹੱਦ 'ਤੇ ਸਖਤੀ ਕਰਕੇ ਹਥਿਆਰ ਵੀ ਡ੍ਰੋਨਾਂ ਰਾਹੀਂ ਭੇਜੇ ਜਾ ਰਹੇ ਹਨ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਹਥਿਆਰ ਤਸਕਰੀ ਵਿੱਚ ਤੇਜ਼ੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੀਆਂ ਕੁਝ ਘਟਨਾਵਾਂ ਵਾਪਰੀਆਂ ਸਨ। ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਤੇ ਪਾਕਿ ਆਧਾਰਤ ਗਰੁੱਪਾਂ ਵੱਲੋਂ ਪੰਜਾਬ ਦੇ ਅੰਦਰੂਨੀ ਹਿੱਸਿਆਂ ਵਿੱਚ ਹਥਿਆਰ ਸੁੱਟਣ ਲਈ ਕੀਤੀ ਗਈ ਡ੍ਰੋਨਾਂ ਦੀ ਵਰਤੋਂ ਨੇ ਕੇਂਦਰ ਸਰਕਾਰ ਦਾ ਧਿਆਨ ਵੀ ਖਿੱਚਿਆ ਹੈ।

10 ਕਿਲੋ ਤਕ ਭਾਰ ਲਿਜਾਣ ਦੀ ਸਮਰੱਥਾ ਰੱਖਣ ਵਾਲੇ ਡ੍ਰੋਨਾਂ ਨੇ ਸਤੰਬਰ ਦੀ ਸ਼ੁਰੂਆਤ ਵਿੱਚ ਪੰਜ ਵਾਰ ਪੰਜਾਬ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਹਥਿਆਰ ਸੁੱਟੇ। ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ 2017 ਤੋਂ ਹੁਣ ਤਕ 151 ਪਿਸਤੌਲਾਂ ਤੇ ਰਿਵਾਲਵਰਾਂ ਤੋਂ ਇਲਾਵਾ 50 ਏਕੇ 47 ਤੇ ਏਕੇ 56 ਰਾਈਫਲਾਂ, ਸਬ ਮਸ਼ੀਨਗਨ ਤੇ ਕੁਝ ਹੋਰ ਬੰਦੂਕਾਂ ਬਰਾਮਦ ਹੋਈਆਂ ਹਨ।

ਇਸ ਤੋਂ ਇਲਾਵਾ 320 ਕਿਲੋ ਆਰਡੀਐਕਸ ਵੀ ਬਰਾਮਦ ਹੋਇਆ ਹੈ। ਇਹ ਹਥਿਆਰ 29 ਦਹਿਸ਼ਤੀ ਕਾਰਵਾਈਆਂ ਲਈ ਵਰਤੇ ਜਾਣ ਸਨ। ਇਨ੍ਹਾਂ ਹਥਿਆਰਾਂ ਸਮੇਤ 147 ਲੋਕਾਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਹਨ। ਇਸ ਨੂੰ ਸੁਰੱਖਿਆ ਏਜੰਸੀਆਂ ਦੀ ਮੁਸਤੈਦੀ ਹੀ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਵੱਡੀ ਘਟਨਾ ਨਹੀਂ ਵਾਪਰੀ।

© 2016 News Track Live - ALL RIGHTS RESERVED