ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਪਾੜਾ ਘਟਣ ਦੀ ਬਜਾਏ ਵੱਧ ਗਿਆ

Jun 26 2019 04:02 PM
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਪਾੜਾ ਘਟਣ ਦੀ ਬਜਾਏ ਵੱਧ ਗਿਆ

ਚੰਡੀਗੜ੍ਹ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਪਾੜਾ ਘਟਣ ਦੀ ਬਜਾਏ ਵੱਧ ਗਿਆ ਹੈ। 20 ਦਿਨ ਹੋ ਗਏ ਹਨ, ਨਵਜੋਤ ਸਿੱਧੂ ਨੇ ਆਪਣਾ ਨਵਾਂ ਵਿਭਾਗ ਨਹੀਂ ਸੰਭਾਲਿਆ। ਇੱਧਰ, ਸਿੱਧੂ ਦੇ ਪੁਰਾਣੇ ਵਿਭਾਗ ਦੇ ਬਾਹਰੋਂ ਉਨ੍ਹਾਂ ਦੀ ਨੇਮ ਪਲੇਟ ਵੀ ਬਦਲਵਾ ਦਿੱਤੀ ਗਈ ਹੈ।
ਪੰਜਾਬ ਸਕੱਤਰੇਤ ਦੀ ਪੰਜਵੀਂ ਮੰਜ਼ਲ 'ਤੇ ਨਵਜੋਤ ਸਿੱਧੂ ਦੇ ਦਫ਼ਤਰ ਬਾਹਰੋਂ ਉਨ੍ਹਾਂ ਦੀ ਤਖ਼ਤੀ ਹਟਾ ਦਿੱਤੀ ਗਈ ਸੀ, ਜਿਸ ਕਾਰਨ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜ ਗਈ। ਪਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੇਮ ਪਲੇਟ ਬਦਲਣ ਲਈ ਦਿੱਤੀ ਗਈ ਹੈ।
ਕੈਪਟਨ ਬੁੱਧਵਾਰ ਸ਼ਾਮ ਨੂੰ ਦਿੱਲੀ ਜਾ ਰਹੇ ਹਨ ਤੇ ਉੱਥੇ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ। ਨਵਜੋਤ ਸਿੱਧੂ ਵੱਲੋਂ ਨਵੇਂ ਮੰਤਰਾਲੇ ਦਾ ਕਾਰਜਭਾਰ ਨਾ ਸੰਭਾਲੇ ਜਾਣ ਤੇ ਉਨ੍ਹਾਂ ਦੇ ਨਾਂ ਦੀ ਤਖ਼ਤੀ ਬਦਲਵਾਉਣ ਤੋਂ ਜਾਪਦਾ ਹੈ ਕਿ ਕੈਪਟਨ ਸੰਦੇਸ਼ ਦੇ ਰਹੇ ਹਨ ਕਿ ਸਿੱਧੂ ਨਹੀਂ ਆ ਰਹੇ ਇਸ ਲਈ ਉਨ੍ਹਾਂ ਕੋਲ ਹੁਣ ਸਿੱਧੂ ਨੂੰ ਹਟਾ ਕੇ ਕਿਸੇ ਹੋਰ ਨੂੰ ਇਹ ਵਿਭਾਗ ਸੌਂਪਣ ਤੋਂ ਇਲਾਵਾ ਕੋਈ ਚਾਰਾ ਨਹੀਂ। ਸਿੱਧੂ ਵੱਲੋਂ ਆਪਣਾ ਨਵਾਂ ਬਿਜਵੀ ਵਿਭਾਗ ਨਾ ਸੰਭਾਲੇ ਜਾਣ ਕਰਕੇ ਮਹਿਕਮੇ ਦੇ ਅਫਸਰਾਂ ਨੇ ਜ਼ਰੂਰੀ ਫਾਈਲਾਂ ਮੁੱਖ ਮੰਤਰੀ ਕੋਲੋਂ ਪਾਸ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਝੋਨੇ ਦੀ ਲਵਾਈ ਦਾ ਸੀਜ਼ਨ ਹੋਣ ਕਰਕੇ ਬਿਜਲੀ ਦੀ ਮੰਗ ਵੀ ਜ਼ੋਰਾਂ 'ਤੇ ਹੈ।
ਦੱਸਣਯੋਗ ਹੈ ਕਿ ਸਿੱਧੂ ਦੇ ਪੁਰਾਣੇ ਸਥਾਨਕ ਸਰਕਾਰਾਂ ਵਿਭਾਗ ਅਧੀਨ ਹੋ ਰਹੇ ਜ਼ੀਰਕਪੁਰ ਨਗਰ ਕੌਂਸਲ ਦੇ ਕੁਝ ਮਹੱਤਵਪੂਰਨ ਪ੍ਰਾਜੈਕਟਾਂ ਵਿੱਚ ਬੇਨਿਯਮੀਆਂ ਤਲਾਸ਼ਣ ਲਈ ਵਿਜੀਲੈਂਸ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹੇ ਵਿੱਚ ਸਿੱਧੂ 'ਤੇ ਕੈਪਟਨ ਵੱਲੋਂ ਚਹੁੰ ਪਾਸਿਓਂ ਦਬਾਅ ਬਣਾਇਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਂਦੇ ਦਿਨਾਂ ਵਿੱਚ ਇਹ ਵਿਵਾਦ ਖ਼ਤਮ ਹੁੰਦਾ ਹੈ ਜਾਂ ਹੋਰ ਵੱਧਦਾ ਹੈ।

© 2016 News Track Live - ALL RIGHTS RESERVED