ਮੁੱਖ ਮੰਤਰੀ ਤਾਂ ਦਾਰੂ ਪੀ ਕੇ ਪਿਆ ਰਹਿੰਦਾ

May 07 2019 03:46 PM
ਮੁੱਖ ਮੰਤਰੀ ਤਾਂ ਦਾਰੂ ਪੀ ਕੇ ਪਿਆ ਰਹਿੰਦਾ

ਜਲੰਧਰ:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿੱਜੀ ਹਮਲਾ ਕਰਦਿਆਂ ਉਨ੍ਹਾਂ ਨੂੰ 'ਸ਼ਰਾਬੀ' ਤਕ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾਂ ਦਾਰੂ ਪੀ ਕੇ ਪਿਆ ਰਹਿੰਦਾ ਹੈ। ਉਨ੍ਹਾਂ ਕੈਪਟਨ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ 'ਤੇ ਵੀ ਵੱਡੇ ਸਵਾਲ ਚੁੱਕੇ। ਟਕਸਾਲੀਆਂ ਦੀ ਬਗਾਵਤ ਮਗਰੋਂ ਸੁਖਬੀਰ ਬਾਦਲ ਨੇ ਹੁਣ ਫਿਰ ਦੁਹਰਾਇਆ ਕਿ ਅਕਾਲੀ ਦਲ, ਸੁਖਬੀਰ ਜਾਂ ਬਾਦਲ ਦੀ ਜਾਇਦਾਦ ਨਹੀਂ।
ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਸੁਖਬੀਰ ਬਾਦਲ ਨੇ ਕਿਹਾ ਕਿ ਦੋ ਸਾਲ ਹੋ ਗਏ ਬਗੈਰ ਡਰਾਈਵਰ ਤੋਂ ਗੱਡੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਤੇ ਨਾ ਹੀ ਕਿਸਾਨਾਂ ਨੂੰ ਗੰਨੇ ਦਾ ਬਕਾਇਆ ਦਿੱਤਾ। ਸੁਖਬੀਰ ਨੇ ਤਵਾ ਲਾਉਂਦਿਆਂ ਕਿਹਾ ਕਿ ਹੁਣ ਕੈਪਟਨ ਕਹਿੰਦਾ ਕਿ ਮੈਂ ਚੋਣ ਨਹੀਂ ਲੜਨੀ, ਫੜ ਲਓ ਪੂਛ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੱਬਡੀ ਕੱਪ ਬੰਦ ਕੀਤੇ, ਜਿੰਮ ਵੀ ਬੰਦ ਕਰ ਦਿੱਤੇ ਤੇ ਲੰਮੇ-ਲੰਮੇ ਬਿਜਲੀ ਦੇ ਬਿੱਲ ਲੋਕਾਂ ਨੂੰ ਭੇਜ ਦਿੱਤੇ। ਉਨ੍ਹਾਂ ਚੁਨੌਤੀ ਦਿੱਤੀ ਕਿ ਕਾਂਗਰਸ ਨੇ ਇੱਕ ਧਰਮਸ਼ਾਲਾ ਹੀ ਦੱਸ ਦਿਓ ਜਿਹੜੀ ਬਣਾਈ ਹੋਵੇ, ਪਰ ਪੰਜਾਬ ਦੇ ਸਾਰੇ ਹਾਈਵੇ ਤੇ ਡੈਮ ਬਾਦਲ ਸਾਹਿਬ ਨੇ ਬਣਵਾਏ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਰੋਜ਼ ਕਹਿੰਦੇ ਹਨ ਕਿ ਅੰਦਰ ਕਰ ਦਿਆਂਗੇ, ਅਕਾਲੀਆਂ ਨੂੰ ਡਰਾਇਆ ਜਾਂਦਾ ਪਰ ਅਜਿਹਾ ਨਹੀਂ ਹੋਣਾ। ਲੋਕ ਸਭਾ ਚੋਣਾਂ ਵਿੱਚ ਬਰਗਾੜੀ ਮੋਰਚੇ ਵੱਲੋਂ ਖੜ੍ਹੇ ਕੀਤੇ ਉਮੀਦਵਾਰਾਂ ਬਾਰੇ ਸੁਖਬੀਰ ਨੇ ਕਿਹਾ ਕਿ ਬਰਗਾੜੀ ਵਾਲਿਆਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਫਿਰੋਜ਼ਪੁਰ ਕਿਸੇ ਦੀ ਗਾਂ ਚੋਰੀ ਹੋ ਜਾਏ ਤਾਂ ਮੰਡ ਦੇ ਘਰੋਂ ਮਿਲਦੀ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵਜੂਦ ਖ਼ਤਮ ਹੈ। ਉਨ੍ਹਾਂ ਮੋਦੀ ਸਰਕਾਰ ਦੀ ਮਹਿਮਾ ਗਾਉਂਦਿਆਂ ਕਿਹਾ ਕਿ ਪਾਕਿਸਤਾਨਮੋਦੀ ਤੋਂ ਦੁਸ਼ਮਣ ਡਰਦਾ ਹੈ, ਇਸ ਲਈ ਲਾਂਘਾ ਖੁੱਲ੍ਹ ਰਿਹਾ ਹੈ।

 

© 2016 News Track Live - ALL RIGHTS RESERVED