ਅਮਰਿੰਦਰ ਸਿੰਘ ਨੂੰ ਨਸ਼ੇ ਵੇਚਣ ਵਾਲਾ ਤਸਕਰ ਕਰਾਰ ਦਿੱਤਾ

May 10 2019 04:11 PM
ਅਮਰਿੰਦਰ ਸਿੰਘ ਨੂੰ ਨਸ਼ੇ ਵੇਚਣ ਵਾਲਾ ਤਸਕਰ ਕਰਾਰ ਦਿੱਤਾ

ਸ੍ਰੀ ਮੁਕਤਸਰ ਸਾਹਿਬ:

ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ੇ ਵੇਚਣ ਵਾਲਾ ਤਸਕਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਪੰਜਾਬ ਵਿੱਚ ਨਸ਼ਾ ਵਿਕਾਉਂਦਾ ਹੈ। ਹਾਲਾਂਕਿ, ਉਨ੍ਹਾਂ ਕਾਂਗਰਸੀਆਂ ਖ਼ਿਲਾਫ਼ ਤੇਵਰ ਤਲਖ ਰੱਖੇ ਪਰ ਆਪਣੇ ਵਿਰੋਧੀ ਉਮੀਦਵਾਰ ਰਾਜਾ ਵੜਿੰਗ ਦੀ ਪਤਨੀ ਦੇ ਸ਼ਬਦੀ ਹਮਲਿਆਂ ਨੂੰ ਨਿੱਕੀ ਭੈਣ ਕਹਿ ਕੇ ਟਾਲ ਦਿੱਤਾ।
ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਕਾਂਗਰਸੀਆਂ ਨੇ ਬਾਦਲਾਂ ਸਮੇਤ ਕਈ ਅਕਾਲੀ ਲੀਡਰਾਂ ਖ਼ਿਲਾਫ਼ ਹੇਠਲੇ ਪੱਧਰ ਦੀ ਸ਼ਬਦਾਵਲੀ ਵਰਤੀ ਸੀ ਅਤੇ ਅੱਜ ਸ੍ਰੀ ਮੁਕਤਸਰ ਸਾਹਿਬ 'ਚ ਚੋਣ ਪ੍ਰਚਾਰ ਲਈ ਪਹੁੰਚੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਦਾ ਨਿਓਂਦਾ ਮੋੜ ਦਿੱਤਾ। ਹਰਸਿਮਰਤ ਬਾਦਲ ਨੇ ਕਿਹਾ ਕਿ ਕੈਪਟਨ ਪੰਜਾਬ 'ਚ ਨਸ਼ਾ ਵਿਕਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ।ਉਨ੍ਹਾਂ ਕਿਹਾ ਕਿ 'ਝੂਠੇ' ਮਹਾਰਾਜਾ ਨੇ ਭੇਜਿਆ 'ਡਰਾਮੇਬਾਜ਼' ਰਾਜਾ'। ਇਸ ਦੇ ਨਾਲ ਹੀ ਹਰਸਿਮਰਤ ਨੇ ਕੈਪਟਨ ਦੀ ਵਿਧਾਨ ਸਭਾ ਚੋਣਾਂ ਵੇਲੇ ਚੁੱਕੀ ਸਹੁੰ 'ਤੇ ਮੁੜ ਤੋਂ ਸਵਾਲ ਚੁੱਕੇ। ਉਨ੍ਹਾਂ ਦਾਅਵਾ ਕੀਤਾ ਕਿ ਬੁੱਧ ਸਿੰਘ ਦਾ ਕਰਜ਼ਾ ਅਸੀਂ ਮੋੜਿਆ ਕੈਪਟਨ ਸਰਕਾਰ ਨੇ ਨਹੀਂ।
ਹਰਸਿਮਰਤ ਬਾਦਲ ਨੇ ਕਿਹਾ ਕਿ ਕਿਸ ਨੂੰ ਮਿਲੀ ਘਰ-ਘਰ ਨੌਕਰੀ, ਕਾਂਗਰਸ ਫੋਕੇ ਦਾਅਵੇ ਕਰ ਰਹੀ ਹੈ। ਉਨ੍ਹਾਂ ਕੈਪਟਨ ਵੱਲੋਂ ਹਰਸਿਮਰਤ ਬਾਦਲ 'ਤੇ ਬਾਰਦਾਨੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮਾਂ 'ਤੇ ਕਿਹਾ ਕਿ ਫਿਰ ਤਾਂ ਰਾਜਾ ਆਪਣੀ ਕੁਰਸੀ ਛੱਡ ਦੇਵੇ ਜੋ ਪੰਜਾਬ ਦਾ ਬਾਰਦਾਨਾ ਹਰਿਆਣਾ ਜਾਣ ਤੋਂ ਨਹੀਂ ਰੁਕਵਾ ਸਕਿਆ।
ਉਨ੍ਹਾਂ ਬੀਤੇ ਦਿਨੀਂ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਕੀਤੇ ਸਿਆਸੀ ਵਾਰ 'ਤੇ ਬੋਲਦਿਆ ਕਿਹਾ ਉਹ ਛੋਟੀ ਭੈਣ ਲੱਗਦੀ ਹੈ ਕਹਿ ਲੈਣ ਦਿਓ ਜੋ ਕਹਿੰਦੀ ਹੈ।

© 2016 News Track Live - ALL RIGHTS RESERVED