ਭਾਰਤ ਤੇ ਪਾਕਿਸਤਾਨ ਮੁੜ ਆਹਮੋ- ਸਾਹਮਣੇ

Oct 21 2019 02:04 PM
ਭਾਰਤ ਤੇ ਪਾਕਿਸਤਾਨ ਮੁੜ ਆਹਮੋ- ਸਾਹਮਣੇ

ਇਸਲਾਮਾਬਾਦ:

ਭਾਰਤ ਤੇ ਪਾਕਿਸਤਾਨ ਮੁੜ ਆਹਮੋ- ਸਾਹਮਣੇ ਹੋ ਗਏ ਹਨ। ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਵਿੱਚ ਚਾਰ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਭਾਰਤੀ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਉਹ ਭਾਰਤ ਦੇ ‘ਝੂਠ’ ਦਾ ਪਰਦਾਫਾਸ਼ ਕਰਨ ਲਈ ਪੀ5 (ਸੰਯੁਕਤ ਰਾਸ਼ਟਰ ਦੀ ਪੰਜ ਸਥਾਈ ਮੈਂਬਰ) ਮੁਲਕਾਂ ਨਾਲ ਸਬੰਧਤ ਸਫ਼ੀਰਾਂ ਦੀ ਫੇਰੀ (ਮਕਬੂਜ਼ਾ ਕਸ਼ਮੀਰ ਦੀ) ਦਾ ਪ੍ਰਬੰਧ ਕਰ ਸਕਦਾ ਹੈ।
ਯਾਦ ਰਹੇ ਭਾਰਤ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਮਕਬੂਜ਼ਾ ਕਸ਼ਮੀਰ ਦੀ ਨੀਲਮ ਵਾਦੀ ਵਿੱਚ ਚਾਰ ਦਹਿਸ਼ਤੀ ਟਿਕਾਣਿਆਂ ਤੇ ਪਾਕਿ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਵੱਡੀ ਤਬਾਹੀ ਕੀਤੀ ਹੈ। ਇਸ ਦੌਰਾਨ ਛੇ ਤੋਂ ਦਸ ਪਾਕਿਸਤਾਨੀ ਫੌਜੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੇ ਜਵਾਬ ਵਿੱਚ ਪਾਕਿ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫੈਸਲ ਨੇ ਕਿਹਾ ਕਿ ਪਾਕਿਸਤਾਨ, ਭਾਰਤੀ ਫ਼ੌਜ ਵੱਲੋਂ ਕੰਟਰੋਲ ਰੇਖਾ ਦੇ ਨਾਲ ਦਹਿਸ਼ਤੀ ਟਿਕਾਣੇ ਤਬਾਹ ਕਰਨ ਸਬੰਧੀ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਸਿਰੇ ਤੋਂ ਖਾਰਜ ਕਰਦਾ ਹੈ।
ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਨੇ ਪੀ 5 ਮੁਲਕਾਂ ਤਕ ਰਸਾਈ ਕਰਦਿਆਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤ ਤੋਂ ਮਕਬੂਜ਼ਾ ਕਸ਼ਮੀਰ ’ਚ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਸਬੰਧੀ ਜਾਣਕਾਰੀ ਮੰਗਣ। ਉਨ੍ਹਾਂ ਕਿਹਾ ਕਿ ਭਾਰਤ ਦਾ ‘ਝੂਠ’ ਫੜ੍ਹਨ ਲਈ ਉਹ ਮੌਕੇ ਦਾ ਮੁਆਇਨਾ ਕਰਨ ਸਬੰਧੀ ਪੀ5 ਮੁਲਕਾਂ ਦੇ ਸਫ਼ੀਰਾਂ ਦੀ ਫੇਰੀ ਦਾ ਪ੍ਰਬੰਧ ਕਰ ਸਕਦੇ ਹਨ।
ਉਂਝ ਪਾਕਿਸਤਾਨ ਨੇ ਭਾਰਤੀ ਫੌਜ ਵੱਲੋਂ ਤੋਪਾਂ ਨਾਲ ਗੋਲੇ ਦਾਗਣ ਦੀ ਪੁਸ਼ਟੀ ਕੀਤੀ ਹੈ। ਪਾਕਿ ਨੇ ਭਾਰਤੀ ਸਫ਼ੀਰ ਗੌਰਵ ਆਹਲੂਵਾਲੀਆ ਨੂੰ ਤਲਬ ਕਰਕੇ ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਕਥਿਤ ਬਿਨਾਂ ਭੜਕਾਹਟ ਤੋਂ ਕੀਤੀ ਗੋਲੀਬਾਰੀ ਦੀ ਨਿਖੇਧੀ ਕੀਤੀ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਜੁਰਾ, ਸ਼ਾਹਕੋਟ ਤੇ ਨੌਸੇਹਰੀ ਸੈਕਟਰਾਂ ਵਿੱਚ ਕੰਟਰੋਲ ਰੇਖਾ ਦੇ ਨਾਲ ਕੀਤੀ ਗੋਲੀਬਾਰੀ ’ਚ ਉਸ ਦੇ ਪੰਜ ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ ਹੈ।
ਕਾਬਲੇਗੌਰ ਹੈ ਕਿ ਭਾਰਤੀ ਫ਼ੌਜ ਨੇ ਦਾਅਵਾ ਕੀਤਾ ਸੀ ਕਿ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਨਾਲ ਤੰਗਧਾਰ ਸੈਕਟਰ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਸ਼ਨਿੱਚਰਵਾਰ ਨੂੰ ਬਿਨਾਂ ਭੜਕਾਹਟ ਤੋਂ ਗੋਲੀਬਾਰੀ ਕੀਤੀ ਗਈ ਸੀ। ਇਸ ਦਾ ਠੋਕਵਾਂ ਜਵਾਬ ਦਿੰਦਿਆਂ ਮਕਬੂਜ਼ਾ ਕਸ਼ਮੀਰ ਦੀ ਨੀਲਮ ਵਾਦੀ ਵਿੱਚ ਚਾਰ ਦਹਿਸ਼ਤੀ ਟਿਕਾਣਿਆਂ ਤੇ ਪਾਕਿ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਛੇ ਤੋਂ ਦਸ ਪਾਕਿਸਤਾਨੀ ਫੌਜੀ ਮਾਰੇ ਗਏ। ਸਰਕਾਰੀ ਸੂਤਰਾਂ ਮੁਤਾਬਕ ਭਾਰਤੀ ਗੋਲਾਬਾਰੀ ਵਿੱਚ ਇੰਨੇ ਹੀ ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀਆਂ ਵੀ ਰਿਪੋਰਟਾਂ ਹਨ। ਭਾਰਤ ਵੱਲੋਂ ਤੋਪਖਾਨੇ ਦਾ ਮੂੰਹ ਖੋਲ੍ਹੇ ਜਾਣ ਨਾਲ ਪਾਕਿਸਤਾਨ ਵਾਲੇ ਪਾਸੇ ਖਾਸਾ ਨੁਕਸਾਨ ਹੋਇਆ ਹੈ।
 

© 2016 News Track Live - ALL RIGHTS RESERVED