ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ।

Mar 20 2019 04:12 PM
ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ।

ਲਾਹੌਰ:

ਕਰਤਾਰਪੁਰ ਸਾਹਿਬ ਲਈ ਗਲਿਆਰਾ ਉਸਾਰਨ ਸਮੇਂ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ। ਇਹ ਐਲਾਨ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਕੀਤਾ ਹੈ।
ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਮਿਲੀ ਸੀ, ਜਿਸ ਜ਼ਮੀਨ 'ਤੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ, ਉਸ ਨੂੰ ਉਵੇਂ ਹੀ ਰੱਖਿਆ ਜਾਵੇ। ਇਮਰਾਨ ਖ਼ਾਨ ਸਰਕਾਰ ਨੇ ਸਿੱਧੂ ਦੀ ਇਹ ਮੰਗ ਮੰਨਦਿਆਂ ਗੁਰੂ ਨਾਨਕ ਦੇਵ ਜੀ ਦੇ 30 ਏਕੜ ਦੇ ਖੇਤਾਂ 'ਚ ਕਿਸੇ ਕਿਸਮ ਦੀ ਉਸਾਰੀ ਨਾ ਕਰਨ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਅਜਿੱਤ ਰੰਧਾਵਾ ਤੇ ਦੁਨੀ ਚੰਦ ਤੋਂ ਮਿਲੀ 100 ਏਕੜ ਤੋਂ ਵੱਧ ਜ਼ਮੀਨ 'ਤੇ 1515 ਈ: ਵਿੱਚ ਕਰਤਾਰਪੁਰ ਨਗਰ ਵਸਾਇਆ ਸੀ ਤੇ 1522 ਵਿੱਚ ਉਨ੍ਹਾਂ ਦਾ ਪਰਿਵਾਰ ਵੀ ਇੱਥੇ ਆ ਗਿਆ ਸੀ। 1539 ਈ: ਵਿੱਚ ਜੋਤੀ-ਜੋਤ ਸਮਾਉਣ ਤਕ ਗੁਰੂ ਨਾਨਕ ਦੇਵ ਇੱਥੇ ਹੀ ਰਹੇ ਸਨ ਤੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਸੀ।
ਹੁਣ ਇਮਰਾਨ ਖ਼ਾਨ ਸਰਕਾਰ ਨੇ ਇਸ ਜ਼ਮੀਨ 'ਤੇ ਕਿਸੇ ਕਿਸਮ ਦੀ ਉਸਾਰੀ ਨਾ ਕਰਨ ਦਾ ਫੈਸਲਾ ਲਿਆ ਹੈ। ਦੱਸ ਦੇਈਏ ਕਿ 14 ਮਾਰਚ ਨੂੰ ਭਾਰਤ-ਪਾਕਿਸਤਾਨ ਦਰਮਿਆਨ ਕਰਤਾਰਪੁਰ ਕੌਰੀਡੋਰ ਬਾਰੇ ਪਹਿਲੀ ਬੈਠਕ ਵੀ ਹੋਈ ਸੀ। ਉਦੋਂ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਕੋਲ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਗ਼ੈਰ ਕਾਨੂੰਨੀ ਕਬਜ਼ਾ ਕੀਤੇ ਜਾਣ ਦਾ ਮਾਮਲਾ ਚੁੱਕਿਆ ਸੀ।
ਇਸ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਹਿਰੀਕੇ-ਏ-ਇਨਸਾਫ਼ ਪਾਰਟੀ ਨਾਲ ਸਬੰਧਤ ਲਹਿੰਦੇ ਪੰਜਾਬ ਦੇ ਸਿਆਲਕੋਟ ਤੋਂ ਅਸੈਂਬਲੀ ਮੈਂਬਰ ਮੋਮਨਾ ਵਾਹਿਦ ਨੇ ਇਸੇ ਸਬੰਧੀ ਮਤਾ ਜਮ੍ਹਾ ਕਰਵਾਇਆ ਸੀ। ਉਨ੍ਹਾਂ ਕਿਹਾ ਸੀ ਕਿ ਕਰਤਾਰਪੁਰ ਸਾਹਿਬ ਕੌਰੀਡੋਰ ਦੀ ਉਸਾਰੀ ਕਾਰਨ ਗੁਰੂ ਨਾਨਕ ਦੇਵ ਜੀ ਦੇ ਵਿਰਾਸਤੀ ਖੇਤ ਪ੍ਰਭਾਵਿਤ ਹੋਣਗੇ ਅਤੇ ਉਨ੍ਹਾਂ ਮੰਗ ਕੀਤੀ ਹੈ ਕਿ ਇਹ ਉਸਾਰੀ ਬਾਬਾ ਜੀ ਦੇ ਖੇਤਾਂ ਤੋਂ ਦੂਰ ਕਰਵਾਈ ਜਾਵੇ।

 

© 2016 News Track Live - ALL RIGHTS RESERVED