ਪ੍ਰਸ਼ਨ ਪੱਤਰ ’ਚੋਂ ਵਿਦਿਆਰਥੀਆਂ ਨੂੰ 22ਵਾਂ ਸਵਾਲ ਗਾਇਬ

Mar 23 2019 02:57 PM
ਪ੍ਰਸ਼ਨ ਪੱਤਰ ’ਚੋਂ ਵਿਦਿਆਰਥੀਆਂ ਨੂੰ 22ਵਾਂ ਸਵਾਲ ਗਾਇਬ

ਚੰਡੀਗੜ੍ਹ:

ਇਨ੍ਹੀਂ ਦਿਨੀਂ ਵਿਦਿਆਰਥੀਆਂ ਦੇ ਬੋਰਡ ਦੇ ਇਮਤਿਹਾਨ ਚੱਲ ਰਹੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਲਏ ਗਏ ਦਸਵੀਂ ਜਮਾਤ ਦੇ ਗਣਿਤ ਦੇ ਪੇਪਰ ਦੌਰਾਨ ਵਿਦਿਆਰਥੀਆਂ ਨੂੰ ਉਦੋਂ ਝਟਕਾ ਲੱਗਾ ਜਦੋਂ ਅੰਗਰੇਜ਼ੀ ਅਨੁਵਾਦ ਵਾਲੇ ਗਣਿਤ ਦੇ ਪ੍ਰਸ਼ਨ ਪੱਤਰ ’ਚੋਂ ਵਿਦਿਆਰਥੀਆਂ ਨੂੰ 22ਵਾਂ ਸਵਾਲ ਗਾਇਬ ਮਿਲਿਆ। ਇਸ ਦਾ ਪਤਾ ਲੱਗਣ ’ਤੇ ਅੰਗਰੇਜ਼ੀ ਮਾਧਿਅਮ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਛੁੱਟੇ ਸਵਾਲ ਲਈ ਵਾਧੂ ਅੰਕ ਦੇਣ ਦੀ ਮੰਗ ਕਰ ਦਿੱਤੀ।
ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਦਿੱਤੇ ਗਏ। ਦਰਅਸਲ ਵਿਦਿਆਰਥੀਆਂ ਦੀ ਸਹੂਲਤ ਲਈ ਬੋਰਡ ਵੱਲੋਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਤਿੰਨੋਂ ਭਾਸ਼ਾਵਾਂ ਵਿੱਚ ਪ੍ਰਸ਼ਨ ਪੱਤਰ ਬਣਾਏ ਜਾਂਦੇ ਹਨ ਪਰ ਤਕਨੀਕੀ ਖਰਾਬੀ ਕਰਕੇ ਅੰਗਰੇਜ਼ੀ ਅਨੁਵਾਦ ਵਾਲੇ ਪ੍ਰਸ਼ਨ ਪੱਤਰ ’ਚੋਂ 22ਵਾਂ ਸਵਾਲ ਛੁੱਟ ਗਿਆ ਸੀ। ਪੰਜਾਬੀ ਤੇ ਹਿੰਦੀ ਵਾਲੇ ਪ੍ਰਸ਼ਨ ਪੱਤਰ ਵਿੱਚ ਇਹ ਸਵਾਲ ਮੌਜੂਦ ਸੀ।
ਉੱਧਰ ਪ੍ਰਸ਼ਨ ਪੱਤਰ ਵਿੱਚ ਗਲਤੀ ਹੋਣ ਕਰਕੇ ਵਿਦਿਆਰਥੀਆਂ ਤੇ ਮਾਪਿਆਂ ਨੇ ਪਹਿਲਾਂ ਤਾਂ ਦੁਬਾਰਾ ਪੇਪਰ ਲੈਣ ਦੀ ਮੰਗ ਕੀਤੀ ਪਰ ਬਾਅਦ ਵਿੱਚ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਵਾਧੂ ਅੰਕ ਦੇਣ ਦੀ ਮੰਗ ਕੀਤੀ। ਉਨ੍ਹਾਂ ਦੀ ਇਸ ਮੰਗ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਪੁਸ਼ਟੀ ਕੀਤੀ ਕਿ ਇਹ ਮਾਮਲਾ ਧਿਆਨ ’ਚ ਆਉਂਦੇ ਹੀ ਬੋਰਡ ਮੈਨੇਜਮੈਂਟ ਨੇ ਅੰਗਰੇਜ਼ੀ ਮਾਧਿਅਮ ਦੇ ਪੀੜਤ ਵਿਦਿਆਰਥੀਆਂ ਨੂੰ ਇਸ ਸਵਾਲ ਦੇ ਬਦਲੇ ਵਾਧੂ ਅੰਕ ਦੇਣ ਦਾ ਫ਼ੈਸਲਾ ਲਿਆ ਹੈ।

© 2016 News Track Live - ALL RIGHTS RESERVED