ਧਨੀਰਾਮ ਨੇ ਹੁਣ ਤਕ 82 ਮੈਡਲ ਜਿੱਤੇ

Jan 15 2019 03:27 PM
ਧਨੀਰਾਮ ਨੇ ਹੁਣ ਤਕ 82 ਮੈਡਲ ਜਿੱਤੇ

ਨਵੀਂ ਦਿੱਲੀ:

60 ਸਾਲ ਦੀ ਉਮਰ ਮਗਰੋਂ ਜਿੱਥੇ ਲੋਕ ਖ਼ੁਦ ਨੂੰ ਬਜ਼ੁਰਗ ਸਮਝ ਕੇ ਭੱਜ ਨੱਠ ਤਾਂ ਦੂਰ ਤੁਰਨਾ ਫਿਰਨਾ ਵੀ ਘੱਟ ਕਰ ਦਿੰਦੇ ਹਨ, ਅਜਿਹੇ ਲੋਕਾਂ ਲਈ ਧਨੀਰਾਮ ਮਿਸਾਲ ਹਨ। ਧਨੀਰਾਮ 65 ਸਾਲ ਦੀ ਉਮਰ ਵਿੱਚ ਵੀ ਖੇਡਾਂ ਵਿੱਚ ਖੁੱਲ੍ਹ ਕੇ ਭਾਗ ਲੈਂਦੇ ਹਨ ਤੇ ਮਾਹਰ ਅਥਲੀਟ ਵੀ ਹਨ। ਉਨ੍ਹਾਂ ਯੋਗ ਗੁਰੂ ਬਾਬਾ ਰਾਮਦੇਵ ਨੂੰ ਵੀ ਕੁਸ਼ਤੀ ਦੀ ਚੁਣੌਤੀ ਦਿੱਤੀ ਹੋਈ ਹੈ।
ਧਨੀਰਾਮ ਨੇ ਆਪਣੀ ਉਮਰ ਨਾਲੋਂ ਵੱਧ ਮੈਡਲ ਜਿੱਤੇ ਹੋਏ ਹਨ, ਉਹ ਵੀ ਬੇਹੱਦ ਔਖੀਆਂ ਦੌੜਾਂ ਤੇ ਕੁਸ਼ਤੀਆਂ ਵਿੱਚ। ਹਰਿਆਣਾ ਦੇ ਮਾਨੇਸਰ ਦੇ ਰਹਿਣ ਵਾਲੇ ਧਨੀਰਾਮ ਨੇ ਹੁਣ ਤਕ 82 ਮੈਡਲ ਜਿੱਤੇ ਹਨ। ਇਨ੍ਹਾਂ ਵਿੱਚੋਂ 49 ਤਗ਼ਮੇ 21 ਕਿਲੋਮੀਟਰ ਲੰਮੀ ਮੈਰਾਥਨ ਵਿੱਚੋਂ ਹੀ ਹਾਸਲ ਕੀਤੇ ਹਨ। ਇਸ ਦੇ ਨਾਲ ਹੀ ਉਹ 58 ਤੋਂ 62 ਸਾਲ ਦੀ ਉਮਰ ਦੌਰਾਨ ਭਲਵਾਨੀ ਦੇ ਜੌਹਰ ਵੀ ਦਿਖਾ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਕੁਸ਼ਤੀ 54 ਸਾਲ ਦੀ ਉਮਰ ਵਿੱਚ ਸਿੱਖੀ ਸੀ ਤੇ ਪਿੜ ਵਿੱਚ ਕਈ ਭਲਵਾਨਾਂ ਦੀਆਂ ਗੋਡਣੀਆਂ ਲਵਾਈਆਂ। ਉਨ੍ਹਾਂ ਦਿੱਲੀ ਪੁਲਿਸ ਵਿੱਚ ਨੌਕਰੀ ਵੀ ਕੀਤੀ ਤੇ ਘਰ ਚਲਾਉਣ ਲਈ ਪਿੰਡ  'ਚ ਕਰਿਆਣੇ ਦੀ ਹੱਟੀ ਵੀ ਪਾਈ।
ਅੰਕੜਿਆਂ ਵਿੱਚ ਬਿਰਧ ਪਰ ਨੌਜਵਾਨ ਜਿਹੇ ਫੁਰਤੀਲੇ ਧਨੀਰਾਮ ਸਵੇਰੇ ਉੱਠ ਕੇ ਦੋ ਘੰਟੇ ਧਿਆਨ ਲਾਉਂਦੇ ਹਨ ਯਾਨੀ ਕਿ ਮੈਡੀਟੇਸ਼ਨ ਕਰਦੇ ਹਨ। ਫਿਰ ਅੱਠ ਕਿਲੋਮੀਟਰ ਦੌੜਦੇ ਹਨ। ਸ਼ਾਮ ਨੂੰ ਉਹ ਪੰਜ ਕਿਲੋਮੀਟਰ ਸੈਰ ਕਰਦੇ ਹਨ ਤੇ ਤਿੰਨ ਕਿਲੋਮੀਟਰ ਫਿਰ ਦੌੜਦੇ ਹਨ। ਸ਼ਾਮ ਨੂੰ ਵੀ ਮੈਡੀਟੇਸ਼ਨ ਕਰਦੇ ਹਨ ਪਰ ਅੱਧਾ ਘੰਟਾ। ਧਨੀਰਾਮ ਸ਼ਾਕਾਹਾਰੀ ਖਾਣਾ ਖਾਂਦੇ ਹਨ ਉਹ ਵੀ ਬੇਹੱਦ ਗਿਣਤੀ-ਮਿਣਤੀ ਨਾਲ। ਉਨ੍ਹਾਂ ਦੀ ਖੁਰਾਕ 100 ਗ੍ਰਾਮ ਦੇਸੀ ਘਿਓ ਦੇ ਨਾਲ ਦੋ ਰੋਟੀਆਂ, ਹਰੀਆਂ ਸਬਜ਼ੀਆਂ ਤੇ ਕਿੱਲੋ ਦੁੱਧ ਪੀਂਦੇ ਹਨ। ਇਸ ਤੋਂ ਇਲਾਵਾ ਉਹ ਸੁੱਕੇ ਮੇਵੇ ਖਾਣਾ ਵੀ ਪਸੰਦ ਕਰਦੇ ਹਨ।
ਧਨੀਰਾਮ ਵੱਲੋਂ ਜਿੱਤੇ ਤਗ਼ਮਿਆਂ ਵਿੱਚੋਂ 21 ਮੈਡਲ ਸੂਬਾ ਪੱਧਰ ਅਤੇ ਕਈ ਕੌਮੀ ਪੱਧਰ ਦੇ ਵੀ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਮਿਲਦੀ। ਸਹਾਇਤਾ ਤਾਂ ਦੂਰ ਸਰਕਾਰ ਵੱਲੋਂ ਖਿਡਾਰੀਆਂ  ਲੋੜੀਂਦੀਆਂ ਸੁਵਿਧਾਵਾਂ ਵੀ ਨਹੀਂ ਦਿੱਤੀਆਂ ਜਾਂਦੀਆਂ, ਜਿਸ ਦਾ ਧਨੀਰਾਮ ਨੂੰ ਖਾਸਾ ਰੋਸ ਹੈ। ਸਰਕਾਰਾਂ ਲੋੜ ਹੈ ਅਜਿਹੀਆਂ ਜਿਊਂਦੀਆਂ ਜਾਗਦੀਆਂ ਮਿਸਾਲਾਂ ਨੂੰ ਉੱਚਾ ਚੁੱਕਣ ਦੀ ਤਾਂ ਜੋ ਨਵੀਂ ਪਨੀਰੀ ਉਨ੍ਹਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲਾ ਕਰ ਸਕੇ।

© 2016 News Track Live - ALL RIGHTS RESERVED