ਅਮਰੀਕਾ ਨੇ ਮੱਧ ਪੂਰਬ ਵਿੱਚ ਮਿਸਾਈਲਾਂ ਤੇ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ

May 14 2019 04:10 PM
ਅਮਰੀਕਾ ਨੇ ਮੱਧ ਪੂਰਬ ਵਿੱਚ ਮਿਸਾਈਲਾਂ ਤੇ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ

ਚੰਡੀਗੜ੍ਹ:

ਇਰਾਨ ਨਾਲ ਵਧਦੇ ਤਣਾਓ ਦੇ ਚੱਲਦਿਆਂ ਅਮਰੀਕਾ ਨੇ ਮੱਧ ਪੂਰਬ ਵਿੱਚ ਮਿਸਾਈਲਾਂ ਤੇ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਇਰਾਨ 'ਤੇ ਚੁਫ਼ੇਰਿਓਂ ਪਾਬੰਦੀਆਂ ਲਾ ਰੱਖੀਆਂ ਹਨ। ਅਮਰੀਕਾ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਇਰਾਨ ਨਾਲ ਵਪਾਰ ਨਹੀਂ ਕਰਨ ਦੇ ਰਿਹਾ। ਇਸ ਤੋਂ ਇਲਾਵਾ ਅਮਰੀਕਾ ਨੇ ਇਰਾਨ ਦੇ ਰਿਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਉੱਧਰ ਇਰਾਨ ਨੇ ਕਿਹਾ ਹੈ ਕਿ ਜੇ ਉਸ ਦਾ ਤੇਲ ਵੇਚਣ ਤੋਂ ਰੋਕਿਆ ਗਿਆ ਤਾਂ ਇਸ ਦੇ ਨਤੀਜੇ ਮਾੜੇ ਹੋਣਗੇ। ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਗੜਦੇ ਰਿਸ਼ਤੇ ਦਾ ਦੁਨੀਆ ਦਾ ਸਾਰੇ ਦੇਸ਼ਾਂ 'ਤੇ ਵੀ ਪੈ ਰਿਹਾ ਹੈ।
ਅਮਰੀਕਾ ਪਿਛਲੇ ਸਾਲ ਇਰਾਨ ਸਣੇ ਛੇ ਦੇਸ਼ਾਂ ਵਿਚਾਲੇ ਹੋਏ ਪਰਮਾਣੂ ਸਮਝੌਤੇ ਤੋਂ ਬਾਹਰ ਹੋ ਗਿਆ ਹੈ। ਇਸ ਦੇ ਨਾਲ ਹੀ ਟਰੰਪ ਨੇ ਦੁਨੀਆ ਦੇ ਹੋਰਾਂ ਦੇਸ਼ਾਂ ਨੂੰ ਧਮਕੀ ਦਿੰਦਿਆਂ ਕਿਹਾ ਕਿ ਇਰਾਨ ਨਾਲ ਜੋ ਦੇਸ਼ ਵਪਾਰ ਕਰੇਗਾ, ਉਹ ਅਮਰੀਕਾ ਨਾਲ ਕਾਰੋਬਾਰੀ ਸਬੰਧ ਨਹੀਂ ਰੱਖ ਪਾਏਗਾ। ਇਸ ਦਾ ਨਤੀਜਾ ਇਹ ਹੋਇਆ ਕਿ ਇਰਾਨ 'ਤੇ ਅਮਰੀਕਾ ਤੇ ਯੂਰਪ ਵਿੱਚ ਖੁੱਲ੍ਹ ਕੇ ਮਤਭੇਦ ਸਾਹਮਣੇ ਆਏ। ਯੂਰਪੀਅਨ ਯੂਨੀਅਨ ਨੇ ਇਰਾਨ ਨਾਲ ਹੋਏ ਪਰਮਾਣੂ ਸਮਝੌਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਟਰੰਪ ਮੰਨੇ ਨਹੀਂ।
ਅਮਰੀਕਾ ਨੇ ਇਰਾਨ ਤੋਂ ਕੱਚੇ ਤੇਲ ਦੇ ਆਯਾਤ ਲਈ ਭਾਰਤ ਸਮੇਤ ਦੇਸ਼ਾਂ ਨੂੰ ਜੋ ਛੂਟ ਦਿੱਤੀ ਸੀ, ਉਹ 2 ਮਈ ਨੂੰ ਖ਼ਤਮ ਹੋ ਗਈ ਹੈ। ਹੁਣ ਭਾਰਤ ਇਰਾਨ ਤੋਂ ਕੱਚਾ ਤੇਲ ਨਹੀਂ ਖਰੀਦ ਸਕੇਗਾ। ਇਰਾਨ ਕੋਲੋਂ ਸਭ ਤੋਂ ਵੱਧ ਤੇਲ ਖਰੀਦਣ ਵਾਲਿਆਂ ਵਿੱਚੋਂ ਚੀਨ ਤੋਂ ਬਾਅਦ ਭਾਰਤ ਦੂਜੇ ਨੰਬਰ 'ਤੇ ਹੈ। ਉਂਞ ਮਾਹਰਾਂ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੋਈ ਖ਼ਾਸ ਅਸਰ ਨਹੀਂ ਪਏਗਾ ਪਰ ਅਮਰੀਕਾ ਦੇ ਫੈਸਲੇ ਬਾਅਦ ਜੇ ਕੱਚੇ ਤੇਲ ਦੀ ਕੀਮਤ ਵਿੱਚ ਉਛਾਲ ਆਉਂਦਾ ਹੈ ਤਾਂ ਅਸਰ ਜ਼ਰੂਰ ਪਏਗਾ। ਸਭ ਤੋਂ ਪਹਿਲਾਂ ਰੁਪਏ ਦੀ ਕੀਮਤ ਡਿੱਗੇਗੀ।

© 2016 News Track Live - ALL RIGHTS RESERVED