ਮੂੰਹ ਖੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

ਮੂੰਹ ਖੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

ਨਵੀਂ ਦਿੱਲੀ:

ਮੂੰਹ ਖੋਲ੍ਹ ਕੇ ਸੌਣ ਵਾਲੇ ਨੂੰ ਦੇਖ ਹਰ ਵਾਰ ਇਹ ਕਹਿਣਾ ਠੀਕ ਨਹੀਂ ਕਿ ਸਾਹਮਣੇ ਵਾਲਾ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਹੈ, ਬਲਕਿ ਇਹ ਖ਼ਤਰੇ ਦੀ ਘੰਟੀ ਵੀ ਹੋ ਸਕਦੀ ਹੈ। ਮੂੰਹ ਖੋਲ੍ਹ ਕੇ ਸੌਣ ਵਾਲਿਆਂ ਨੂੰ ਆਬਸਟ੍ਰਕਟਿਵ ਸਲੀਪ ਐਪ੍ਰਿਆ (ਓਐਸਏ) ਕਹੇ ਜਾਣ ਵਾਲੇ ਰੋਗ ਤੋਂ ਪੀੜਤ ਹੁੰਦੇ ਹਨ, ਜਿਸ ਵਿੱਚ ਸੁੱਤੇ ਪਏ ਵਿਅਕਤੀ ਦਾ ਸਾਹ ਰੁਕ ਜਾਂਦਾ ਹੈ ਤੇ ਮੁੜ ਤੋਂ ਸ਼ੁਰੂ ਹੁੰਦੀ ਹੈ। ਲੋਕ ਇਸ ਨੂੰ ਬਿਮਾਰੀ ਨਹੀਂ ਸਮਝਦੇ ਪਰ ਇਸ ਦੇ ਨਾਲ ਹੋਣ ਵਾਲੇ ਅਸਰ ਘੁਰਾੜੇ, ਕੱਚੀ ਨੀਂਦ ਤੇ ਥਕਾਵਟ ਨੂੰ ਹੀ ਬਿਮਾਰੀ ਸਮਝਦੇ ਹਨ, ਜਦਕਿ ਇਹ ਕੈਂਸਰ ਵਰਗੇ ਰੋਗਾਂ ਦੀ ਵੀ ਜੜ੍ਹ ਹੋ ਸਕਦਾ ਹੈ।
ਗ੍ਰੀਸ ਦੀ ਥੋਸਾਲੋਨਿਕੀ ਯੁਨੀਵਰਸਿਟੀ ਦੇ ਖੋਜਕਾਰ ਅਥਾਨੇਸੀਆ ਪਟਕਾ ਨੇ ਕਿਹਾ ਕਿ ਓਐਸਏ ਦਾ ਸਬੰਧ ਕੈਂਸਰ ਨਾਲ ਹੋ ਸਕਦਾ ਹੈ। 19,000 ਤੋਂ ਵੱਧ ਲੋਕਾਂ 'ਤੇ ਕੀਤੀ ਖੋਜ ਤੋਂ ਪਤਾ ਲੱਗਾ ਹੈ ਕਿ ਮਰਦਾਂ ਦੀ ਤੁਲਨਾ ਵਿੱਚ ਔਰਤਾਂ ਅੰਦਰ ਓਐਸਏ ਤੇ ਕੈਂਸਰ ਦਾ ਸਬੰਧ ਵਧੇਰੇ ਗੂੜ੍ਹਾ ਪਾਇਆ ਜਾਂਦਾ ਹੈ। ਜੇਕਰ ਤੁਹਾਡਾ ਬੱਚਾ ਮੂੰਹ ਖੋਲ੍ਹ ਕੇ ਸੌਂਦਾ ਹੈ ਤੇ ਨੱਕ ਦੀ ਬਜਾਏ ਮੂੰਹ ਥਾਣੀਂ ਸਾਹ ਲੈਂਦਾ ਹੈ ਤਾਂ ਤੁਹਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ।
ਦਰਅਸਲ, ਮੂੰਹ ਖੋਲ੍ਹ ਕੇ ਸਾਹ ਲੈਣ ਨਾਲ ਆਕਸੀਜਨ ਦਾ ਦਿਮਾਗ ਵਿੱਚ ਸੰਚਾਰ ਸਹੀ ਤਰੀਕੇ ਨਾਲ ਨਹੀਂ ਹੁੰਦਾ। ਇਸ ਕਾਰਨ ਬੱਚਾ ਦਿਮਾਗੀ ਤੌਰ 'ਤੇ ਠੀਕ ਤਰੀਕੇ ਨਾਲ ਵਧ-ਫੁੱਲ ਨਹੀਂ ਸਕਦਾ। ਬਾਲਗਾਂ ਵਿੱਚ ਜੇਕਰ ਕੋਈ ਮੋਟਾਪੇ ਦਾ ਸ਼ਿਕਾਰ ਹੈ ਤਾਂ ਆਬਸਟ੍ਰਕਟਿਵ ਸਲੀਪ ਐਪ੍ਰਿਆ ਹੋਰ ਵੀ ਗੰਭੀਰ ਸਿੱਟੇ ਦਿਖਾ ਸਕਦਾ ਹੈ। ਮੋਟੇ ਬੰਦੇ ਦੀ ਗਰਦਨ ਵੀ ਮੋਟੀ ਹੁੰਦੀ ਹੈ, ਜਿਸ ਕਾਰਨ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਮਰਦਾਂ ਦੀ ਗਰਦਨ ਦਾ ਨਾਪ 17 ਇੰਚ ਅਤੇ ਔਰਤਾਂ ਦੀ ਗਰਦਨ 16 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਓਐਸਏ ਦਾ ਖ਼ਤਰਾ ਵੱਧ ਜਾਂਦਾ ਹੈ। ਓਐਸਏ ਦੌਰਾਨ ਕਈ ਵਾਰ ਖ਼ੂਨ ਦਾ ਦਬਾਅ ਅਚਾਨ ਘੱਟ ਜਾਂਦਾ ਹੈ ਜਾਂ ਵੱਧ ਜਾਂਦਾ ਹੈ, ਜੋ ਦਿਲ ਦੇ ਰੋਗਾਂ ਨੂੰ ਸੱਦਾ ਦੇ ਸਕਦਾ ਹੈ।
ਓਐਸਏ ਨੂੰ ਸਹੀ ਤਰੀਕੇ ਨਾਲ ਫੜਨ ਲਈ ਸਲੀਪ ਸਟੱਡੀ ਜਾਂ ਪਾਲੀਸੋਨਮੋਗ੍ਰਾਫੀ ਟੈਸਟ ਕੀਤਾ ਜਾਂਦਾ ਹੈ। ਇਸ ਤਹਿਤ ਵਿਅਕਤੀ ਦੀ ਪਲਸ ਆਕਸੀਮੈਟਰੀ (ਸਰੀਰ ਅੰਦਰ ਖਿੱਚੀ ਜਾ ਰਹੀ ਆਕਸੀਜਨ), ਦਿਮਾਗ ਦੀਆਂ ਤਰੰਗਾਂ (ਈਈਜੀ), ਦਿਲ ਦੀ ਧੜਕਣ, ਛਾਤੀ ਤੇ ਅੱਖਾਂ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ। ਸਹੀ ਤਰੀਕੇ ਨਾਲ ਪਛਾਣ ਹੋਣ 'ਤੇ ਕਈ ਹੱਲ ਕੀਤੇ ਜਾ ਸਕਦੇ ਹਨ। ਸਰਜਰੀ ਦੇ ਨਾਲ-ਨਾਲ ਹਵਾ ਦਾ ਦਬਾਅ ਬਰਕਰਾਰ ਰੱਖਣ ਲਈ ਛੋਟਾ ਜਿਹਾ ਯੰਤਰ ਵੀ ਮਿਲਦਾ ਹੈ। ਡਾਕਟਰ ਮਰੀਜ਼ ਦੀ ਲੋੜ ਮੁਤਾਬਕ ਸਹੀ ਹੱਲ ਸੁਝਾਅ ਦਿੰਦੇ ਹਨ।

© 2016 News Track Live - ALL RIGHTS RESERVED