ਪੰਜਾਬ ਵਿੱਚ ਥਾਣੇਦਾਰ ਵਿਧਾਇਕਾਂ ਦੀ ਸਿਫਾਰਸ਼ ਨਾਲ ਲਾਏ ਜਾਂਦੇ

Jul 30 2019 04:23 PM
ਪੰਜਾਬ ਵਿੱਚ ਥਾਣੇਦਾਰ ਵਿਧਾਇਕਾਂ ਦੀ ਸਿਫਾਰਸ਼ ਨਾਲ ਲਾਏ ਜਾਂਦੇ

ਚੰਡੀਗੜ੍ਹ:

ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਨਸ਼ਿਆਂ ਦੇ ਮਾਮਲੇ 'ਤੇ ਕਾਂਗਰਸ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਥਾਣੇਦਾਰ ਵਿਧਾਇਕਾਂ ਦੀ ਸਿਫਾਰਸ਼ ਨਾਲ ਲਾਏ ਜਾਂਦੇ ਹਨ। ਕਾਂਗਰਸੀ ਵਿਧਾਇਕਾਂ ਵੱਲੋਂ ਥਾਣੇਦਾਰਾਂ ਨੂੰ ਕਾਰਵਾਈ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਪੰਜਾਬ ਵਿੱਚ ਨਸ਼ਿਆਂ ਨੂੰ ਨੱਥ ਨਹੀਂ ਪੈ ਰਹੀ।
ਦਰਅਸਲ ਲੰਘੇ ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਕੈਪਟਨ ਸਰਕਾਰ ਨਸ਼ਿਆਂ ਨੂੰ ਬੰਨ੍ਹ ਮਾਰਨ 'ਚ ਨਾਕਾਮ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਨਸ਼ਾ ਤਸਕਰਾਂ ਨੂੰ ਕਾਂਗਰਸੀ ਲੀਡਰਾਂ ਦੀ ਹੀ ਸ਼ਹਿ ਹਾਸਲ ਹੈ। ਇਸ ਮਗਰੋਂ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਿਹਾ ਸੀ ਕਿ ਜੇਕਰ ਸੁਖਬੀਰ ਦੇ ਬਿਆਨ ਸੱਚੇ ਹਨ ਤਾਂ ਉਹ ਦੂਸ਼ਣਬਾਜ਼ੀ ਦੀ ਬਜਾਏ ਅਜਿਹੇ ਲੀਡਰਾਂ ਦਾ ਨਾਂ ਦੱਸਣ, ਸਰਕਾਰ ਉਨ੍ਹਾਂ 'ਤੇ ਕਾਰਵਾਈ ਕਰੇਗੀ।
ਇਸ ਬਾਰੇ ਜਦੋਂ ਮਜੀਠੀਆ ਨੂੰ ਪੁੱਛਿਆ ਤਾਂ ਉਨ੍ਹਾਂ ਕਿਸੇ ਦਾ ਨਾਂ ਦੱਸਣ ਦੀ ਬਜਾਏ ਕਿਹਾ ਕਿ ਕਾਂਗਰਸ ਦੇ ਲੀਡਰਾਂ ਤੇ ਪੁਲਿਸ ਵਿਚਾਲੇ ਗੱਠਜੋੜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਥਾਣੇਦਾਰ ਵਿਧਾਇਕਾਂ ਦੀ ਸਿਫਾਰਸ਼ ਨਾਲ ਲਾਏ ਜਾਂਦੇ ਹਨ। ਕਾਂਗਰਸੀ ਵਿਧਾਇਕਾਂ ਵੱਲੋਂ ਹੀ ਥਾਣੇਦਾਰਾਂ ਨੂੰ ਕਾਰਵਾਈ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।
ਕੈਪਟਨ ਨਾਲ ਰੁੱਸੇ ਕਾਂਗਰਸੀ ਲੀਡਰ ਨਵਜੋਤ ਸਿੱਧੂ ਦੇ ਸੈਸ਼ਨ ਵਿੱਚ ਆਉਣ 'ਤੇ ਮਜ਼ਾਕ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਤੇ ਉਨ੍ਹਾਂ ਦਾ ਬਹੁਤ ਪਿਆਰ ਹੈ। ਉਨ੍ਹਾਂ ਦੀ ਆਪਸੀ ਗੱਲ ਹੈ ਜੋ ਲੋਕਾਂ ਸਾਹਮਣੇ ਜ਼ਾਹਰ ਨਹੀਂ ਕੀਤੀ ਜਾ ਸਕਦੀ।

© 2016 News Track Live - ALL RIGHTS RESERVED