ਭਾਰਤ-ਪਾਕਿਸਤਾਨ ਮਿਲ ਕੇ ਹੀ ਮਾਮਲਾ ਸੁਲਝਾਉਣ

Sep 24 2019 12:47 PM
ਭਾਰਤ-ਪਾਕਿਸਤਾਨ ਮਿਲ ਕੇ ਹੀ ਮਾਮਲਾ ਸੁਲਝਾਉਣ

ਨਿਊਯਾਰਕ:

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਹਮਣੇ ਇੱਕ ਵਾਰ ਫਿਰ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਕਸ਼ਮੀਰ ਕਾਰਡ ਚੱਲਿਆ ਪਰ ਇਸ ਵਾਰ ਵੀ ਉਹ ਫੇਲ੍ਹ ਹੋ ਗਏ। ਟਰੰਪ ਨੇ ਕਿਹਾ ਕਿ ਭਾਰਤ-ਪਾਕਿਸਤਾਨ ਮਿਲ ਕੇ ਹੀ ਮਾਮਲਾ ਸੁਲਝਾਉਣ। ਇਮਰਾਨ ਖ਼ਾਨ ਸਾਹਮਣੇ ਰਾਸ਼ਟਰਪਤੀ ਟਰੰਪ ਨੇ ਸਾਫ਼ ਕਿਹਾ ਕਿ ਉਹ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਲਈ ਤਿਆਰ ਹਨ ਪਰ ਇਹ ਉਦੋਂ ਹੀ ਸੰਭਵ ਹੈ ਜਦੋਂ ਇਸ ਲਈ ਭਾਰਤ ਵੀ ਤਿਆਰ ਹੋਵੇਗਾ। ਟਰੰਪ ਨੇ ਕਿਹਾ ਕਿ ਇਹ ਗੰਭੀਰ ਮੁੱਦਾ ਹੈ, ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਜੇਕਰ ਦੋਵੇਂ ਚਾਹੁੰਦੇ ਹਨ ਤਾਂ ਉਹ ਵਿਚੋਲਗੀ ਲਈ ਤਿਆਰ ਹਨ।
ਜ਼ਾਹਿਰ ਹੈ ਕਿ ਭਾਰਤ, ਕਸ਼ਮੀਰ ਨੂੰ ਦੁਪੱਖੀ ਮੁੱਦਾ ਮੰਨਦਾ ਹੈ ਤੇ ਇਹ ਸਾਫ਼ ਹੈ ਕਿ ਭਾਰਤ ਇਸ ‘ਚ ਕਿਸੇ ਤੀਜੇ ਦੀ ਭੂਮਿਕਾ ਨਹੀਂ ਚਾਹੁੰਦਾ। ਅਜਿਹੇ ‘ਚ ਟਰੰਪ ਦੇ ਭਾਰਤ ਦੀ ਸਹਿਮਤੀ ਵਾਲੇ ਬਿਆਨ ਤੋਂ ਬਾਅਦ ਇਮਰਾਨ ਨੂੰ ਇੱਕ ਵਾਰ ਫੇਰ ਕਸ਼ਮੀਰ ਮੁੱਦੇ ‘ਤੇ ਮੂੰਹ ਦੀ ਖਾਣੀ ਪਈ। ਟਰੰਪ ਨੇ ਕਿਹਾ ਕਿ ਇਸ ‘ਤੇ ਇਕੱਲੇ ਇਮਰਾਨ ਦੇ ਤਿਆਰ ਹੋਣ ਨਾਲ ਕੁਝ ਨਹੀਂ ਹੋ ਸਕਦਾ, ਦੋਵੇਂ ਪੱਖਾਂ ਦਾ ਰਾਜ਼ੀ ਹੋਣਾ ਲਾਜ਼ਮੀ ਹੈ।
ਇਮਰਾਨ ਖ਼ਾਨ ਨਾਲ ਦੋਪੱਖੀ ਮੁਲਾਕਾਤ ਦੌਰਾਨ ਟਰੰਪ ਨੇ ਹਾਓਡੀ ਮੋਦੀ ਇਵੈਂਟ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਕਿਹਾ, “ਮੈਂ ਉੱਥੇ ਬੈਠਿਆ ਸੀ। ਮੈਂ ਭਾਰਤ ਤੇ ਪ੍ਰਧਾਨ ਮੰਤਰੀ ਵੱਲੋਂ ਬਿਆਨ ਸੁਣਿਆ। ਮੈਂ ਇਹ ਕਹਾਂਗਾ ਕਿ ਉੱਥੇ ਬੈਠੇ 59000 ਲੋਕਾਂ ਦਾ ਚੰਗਾ ਸਮਰੱਥਨ ਮਿਲਿਆ।”
ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਕਸ਼ਮੀਰ ਮੁੱਦੇ ਨੂੰ ਲੈ ਕੇ ਦੋਵਾਂ ਦੇਸ਼ਾਂ ‘ਚ ਵਿਚੋਲਗੀ ਲਈ ਗੱਲ ਕਹਿ ਚੁੱਕਿਆ ਹੈ ਜਿਸ ਦਾ ਭਾਰਤ ਨੇ ਕਰੜਾ ਵਿਰੋਧ ਕੀਤਾ ਸੀ।

© 2016 News Track Live - ALL RIGHTS RESERVED