ਸਰਕਾਰ ਦੇ ਹੀ 15,000 ਸਕੂਲਾਂ 'ਚ ਕੁੰਡੀ ਕੁਨੈਕਸ਼ਨ

Feb 14 2019 03:32 PM
ਸਰਕਾਰ ਦੇ ਹੀ 15,000 ਸਕੂਲਾਂ 'ਚ ਕੁੰਡੀ ਕੁਨੈਕਸ਼ਨ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਵੀਰਵਾਰ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵੱਲ ਬਿਜਲੀ ਦੇ ਬਕਾਇਆ ਬਿੱਲਾਂ ਤੇ ਕੁਨੈਕਸ਼ਨ ਕੱਟਣ ਦਾ ਮੁੱਦਾ ਗੂੰਜਿਆ। ਇਸ ਦੌਰਾਨ ਇਹ ਵੀ ਸਵਾਲ ਪੈਦਾ ਹੋਇਆ ਕਿ ਸਰਕਾਰ ਦੇ ਹੀ 15,000 ਸਕੂਲਾਂ 'ਚ ਕੁੰਡੀ ਕੁਨੈਕਸ਼ਨ ਹਨ। ਇਹ ਮੁੱਦਾ 'ਆਪ' ਵਿਧਾਇਕ ਅਮਨ ਅਰੋੜਾ ਵੱਲੋਂ ਉਠਾਇਆ ਗਿਆ।
ਇਸ ਦਾ ਜਵਾਬ ਦਿੰਦਿਆਂ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਪੰਜਾਬ ਦੇ ਕੁੱਲ 4130 ਪ੍ਰਾਇਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲ ਬਿਜਲੀ ਦੇ ਬਿੱਲਾਂ ਦੀ ਕੁੱਲ 702.78 ਲੱਖ ਰੁਪਏ ਦੀ ਰਕਮ ਬਕਾਇਆ ਹੈ। ਬਿੱਲ ਨਾ ਭਰਨ ਕਰਕੇ 14 ਸਰਕਾਰੀ ਸਕੂਲਾਂ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਮੰਤਰੀ ਨੇ ਦੱਸਿਆ ਕਿ ਸਾਰੇ 4130 ਸਰਕਾਰੀ ਸਕੂਲਾਂ ਦਾ ਸਾਲਾਨਾ 1684.87 ਲੱਖ ਰੁਪਏ ਬਣਦਾ ਹੈ।ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਸੈਸ਼ਨ ਦੌਰਾਨ ਇਸ ਤਰ੍ਹਾਂ ਦੇ ਸਵਾਲ ਦੇ ਜਵਾਬ 'ਚ ਸਿੱਖਿਆ ਮੰਤਰੀ ਨੇ ਦੱਸਿਆ ਸੀ ਕਿ ਕੁੱਲ 19,289 ਸਕੂਲ ਹਨ ਪਰ ਬਿਜਲੀ ਮੰਤਰੀ ਕਾਂਗੜ ਦੇ ਜਵਾਬ ਮੁਤਾਬਕ ਪੰਜਾਬ ਦੇ ਕਰੀਬ 15,000 ਸਕੂਲਾਂ 'ਚ ਜਾਂ ਤਾਂ ਕੁਨੈਕਸ਼ਨ ਨਹੀਂ ਹਨ ਜਾਂ ਫਿਰ ਕੁੰਡੀ ਕੁਨੈਕਸ਼ਨ 'ਤੇ ਚੱਲਦੇ ਹਨ। ਇਸ 'ਤੇ ਘਿਰੇ ਕਾਂਗੜ ਨੇ ਕਿਹਾ ਕਿ ਇਹ ਸਿੱਖਿਆ ਮੰਤਰੀ ਦੱਸ ਸਕਦੇ ਹਨ।
ਮਾਮਲਾ ਭਖਦਾ ਵੇਖ ਸਪੀਕਰ ਰਾਣਾ ਕੇਪੀ ਸਿੰਘ ਨੇ ਦਖ਼ਲ ਦਿੰਦਿਆਂ ਕਿਹਾ ਕਿ ਕਾਂਗੜ ਜੀ ਤੁਸੀਂ ਦੱਸੋ ਕਿ ਜੇ 15,000 ਸਕੂਲਾਂ 'ਚ ਬਿਜਲੀ ਕੁਨੈਕਸ਼ਨ ਨਹੀਂ ਤਾਂ ਕੀ ਉਹ ਕੁੰਡੀ 'ਤੇ ਚੱਲਦੇ ਹਨ ਜਾਂ ਨਹੀਂ। ਅਰੋੜਾ ਨੇ ਸਪੀਕਰ ਰਾਹੀਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਬੱਚਿਆਂ ਦਾ ਧਿਆਨ ਰੱਖਦੇ ਹੋਏ ਸਾਰੇ ਸਕੂਲਾਂ ਦੀ ਬਿਜਲੀ ਦੇ ਬਿੱਲ ਮਾਫ਼ ਕਰਨ ਜੋ ਲਗਪਗ 70 ਕਰੋੜ ਰੁਪਏ ਦੇ ਬਣਦੇ ਹਨ।
ਇਸ 'ਤੇ ਕਾਂਗੜ ਨੇ ਭਰੋਸਾ ਦਿੱਤਾ ਕਿ ਬੇਸ਼ੱਕ ਸਕੂਲਾਂ ਦੇ ਬਿਜਲੀ ਬਿੱਲਾਂ ਮੁਆਫ਼ ਕਰਨ ਦੀ ਕੋਈ ਤਜਵੀਜ਼ ਵਿਚਾਰ ਅਧੀਨ ਨਹੀਂ ਫਿਰ ਵੀ ਉਹ ਇਹ ਮਾਮਲਾ ਮੁੱਖ ਮੰਤਰੀ ਨਾਲ ਵਿਚਾਰਨਗੇ।

© 2016 News Track Live - ALL RIGHTS RESERVED