ਪੰਜਾਬ ਸਰਕਾਰ ਵੱਲੋਂ ਵੰਡੀ ਜਾ ਰਹੀ ਕਣਕ ਬੇਹੱਦ ਘਟੀਆ ਕਿਸਮ ਦੀ

Jul 12 2019 03:05 PM
ਪੰਜਾਬ ਸਰਕਾਰ ਵੱਲੋਂ ਵੰਡੀ ਜਾ ਰਹੀ ਕਣਕ ਬੇਹੱਦ ਘਟੀਆ ਕਿਸਮ ਦੀ

ਚੰਡੀਗੜ੍ਹ:

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇਲਜ਼ਾਮ ਲਾਇਆ ਹੈ ਕਿ ਲੋੜਵੰਦਾਂ ਤੇ ਦਲਿਤ-ਗ਼ਰੀਬ ਵਰਗ ਨੂੰ 'ਆਟਾ-ਦਾਲ' ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਵੰਡੀ ਜਾ ਰਹੀ ਕਣਕ ਬੇਹੱਦ ਘਟੀਆ ਕਿਸਮ ਦੀ ਹੈ ਤੇ ਖਾਣਯੋਗ ਨਹੀਂ। ਇਸ ਸਬੰਧੀ ਮਹਿਲ ਕਲਾਂ ਤੋਂ 'ਆਪ' ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਸੰਧਵਾਂ ਨੇ ਪੰਜਾਬ ਦੇ ਖ਼ੁਰਾਕ ਤੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਨੂੰ ਮੰਗ ਪੱਤਰ ਦੇ ਕੇ ਆਟਾ-ਦਾਲ ਯੋਜਨਾ 'ਚ ਚੱਲ ਰਹੀਆਂ ਕਮੀਆਂ ਤੇ ਭ੍ਰਿਸ਼ਟਾਚਾਰ ਨੂੰ ਬੰਦ ਕਰਨ ਦੀ ਮੰਗ ਚੁੱਕੀ ਹੈ।
ਇਸ ਸਬੰਧੀ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡਾਂ 'ਚ ਆਟਾ-ਦਾਲ ਯੋਜਨਾ ਦਾ ਨਰੀਖਣ ਕੀਤਾ। ਪਿੰਡ ਕੁਹਾਰਵਾਲਾ 'ਚ ਆਟਾ-ਦਾਲ ਸਕੀਮ ਤਹਿਤ ਵੰਡੀ ਜਾ ਰਹੀ ਕਣਕ ਨੂੰ ਅੱਖੀਂ ਦੇਖ ਕੇ ਮਹਿਸੂਸ ਕੀਤਾ ਕਿ ਇਸ ਨੂੰ ਖਾਣਾ ਮੁਸ਼ਕਿਲ ਹੈ। ਕਣਕ ਬੇਹੱਦ ਘਟੀਆ ਕਿਸਮ ਦੀ ਸੀ। ਇਨ੍ਹਾਂ ਹੀ ਨਹੀਂ, ਬੋਰੀਆਂ ਦੇ ਵਜ਼ਨ 'ਚ ਵੀ ਕਿਤੇ ਠੱਗੀ ਹੋ ਰਹੀ ਹੈ। ਸੰਧਵਾਂ ਨੇ ਕਿਹਾ ਕਿ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਕਾਰਨ ਇਹ ਸਕੀਮ ਗ਼ਰੀਬਾਂ ਤੇ ਦਲਿਤ ਵਰਗ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਸਲੂਕ ਜਾਪ ਰਹੀ ਹੈ।
ਸੰਧਵਾਂ ਨੇ ਕਿਹਾ ਕਿ ਉਨ੍ਹਾਂ ਆਟਾ-ਦਾਲ ਸਬੰਧੀ ਬਣਾਏ ਜਾ ਰਹੇ ਨਵੇਂ ਸਮਾਰਟ ਕਾਰਡਾਂ ਲਈ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਮੁੱਦਾ ਵੀ ਚੁੱਕਿਆ ਹੈ। ਆਮ ਲੋਕਾਂ ਨੂੰ ਸਬੰਧਿਤ ਦਫ਼ਤਰਾਂ ਜਾਂ ਪੰਚਾਇਤਾਂ ਤੋਂ ਫਾਰਮ ਨਹੀਂ ਮਿਲ ਰਹੇ। ਉਨ੍ਹਾਂ ਇਲਜ਼ਾਮ ਲਾਇਆ ਕਿ ਸੱਤਾਧਾਰੀ ਕਾਂਗਰਸੀ ਇਨ੍ਹਾਂ ਸਰਕਾਰੀ ਫਾਰਮਾਂ ਨੂੰ ਆਪਣੇ ਕਬਜ਼ੇ 'ਚ ਕਰੀ ਬੈਠੇ ਹਨ ਤੇ ਪੱਖਪਾਤੀ ਰਵੱਈਏ ਨਾਲ ਫਾਰਮ ਵੰਡ ਰਹੇ ਹਨ।

© 2016 News Track Live - ALL RIGHTS RESERVED