ਭਾਰਤੀ ਫ਼ੌਜ ’ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਰੈਲੀ 19 ਤੋਂ 31 ਅਗਸਤ ਤੱਕ

Jun 19 2019 01:51 PM
ਭਾਰਤੀ ਫ਼ੌਜ ’ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਰੈਲੀ 19 ਤੋਂ 31 ਅਗਸਤ ਤੱਕ

ਚੰਡੀਗੜ੍ਹ:

ਆਰਮੀ ਭਰਤੀ ਦਫ਼ਤਰ ਪਟਿਆਲਾ ਵੱਲੋਂ ਭਾਰਤੀ ਫ਼ੌਜ ’ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਰੈਲੀ 19 ਤੋਂ 31 ਅਗਸਤ ਤੱਕ ਕਰਵਾਈ ਜਾ ਰਹੀ ਹੈ। ਇਸ ਵਿੱਚ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਹਿੱਸਾ ਲੈ ਸਕਣਗੇ। ਆਰਮੀ ਭਰਤੀ ਡਾਇਰੈਕਟਰ ਕਰਨਲ ਆਰਆਰ ਚੰਦੇਲ ਨੇ ਦੱਸਿਆ ਕਿ ਇਸ ਭਰਤੀ ’ਚ ਹਿੱਸਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ਆਨਲਾਈਨ ਰਜਿਸਟਰੇਸ਼ਨ ਵੈੱਬਸਾਈਟ www.joinindianarmy.nic.in ’ਤੇ ਕਰਵਾਉਣੀ ਜ਼ਰੂਰੀ ਹੈ। ਇਹ ਰਜਿਸਟਰੇਸ਼ਨ 20 ਜੂਨ ਤੋਂ 3 ਅਗਸਤ ਤੱਕ ਹੋ ਸਕੇਗੀ।
ਇੱਥੇ ਫ਼ਲਾਇੰਗ ਕਲੱਬ ਸਾਹਮਣੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ ਵਿਖੇ ਹੋਣ ਵਾਲੀ ਭਰਤੀ ਰੈਲੀ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ, ਸਿਪਾਹੀ ਤਕਨੀਕੀ (ਏਐਮਸੀ), ਸਿਪਾਹੀ ਕਲਰਕ, ਸਟੋਰਕੀਪਰ ਟੈਕਨੀਕਲ ਤੇ ਸਿਪਾਹੀ ਇਨਵੈਂਟਰੀ ਮੈਨੇਜਮੈਂਟ ਦੀ ਭਰਤੀ ਕੀਤੀ ਜਾਵੇਗੀ।
ਸਿਪਾਹੀ ਜਨਰਲ ਡਿਊਟੀ ਲਈ ਉਮਰ ਸਾਢੇ 17 ਤੋਂ 21 ਸਾਲ (ਜਨਮ 1 ਅਕੂਤਬਰ 1998 ਤੋਂ 1ਅਪਰੈਲ 2002 ਤਕ ਹੋਇਆ ਹੋਵੇ), ਕੱਦ 170 ਸੈਂਟੀਮੀਟਰ, ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਦਸਵੀਂ 45 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ। ਸਿਪਾਹੀ ਤਕਨੀਕੀ ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 170 ਸੈਂਟੀਮੀਟਰ, ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਬਾਰ੍ਹਵੀਂ ਸਾਇੰਸ ਵਿਸ਼ਿਆਂ ਫ਼ਿਜ਼ਿਕਸ, ਕੈਮਿਸਟਰੀ, ਮੈਥ ਤੇ ਅੰਗਰੇਜ਼ੀ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ।
ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਸਮੇਤ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਨਿਯਮਾਂ ਮੁਤਾਬਕ ਛੋਟ ਹੋਵੇਗੀ। ਰੈਲੀ ਦੀ ਥਾਂ ’ਤੇ ਸਰੀਰਕ ਸਮਰੱਥਾ ਜਾਂਚੀ ਜਾਵੇਗੀ। ਕਰਨਲ ਚੰਦੇਲ ਨੇ ਦੱਸਿਆ ਕਿ ਦਾਖਲਾ ਪੱਤਰ ਤੇ ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਦੋ-ਦੋ ਕਾਪੀਆਂ ਸਮੇਤ 20 ਫੋਟੋਆਂ, ਰਿਹਾਇਸ਼, ਜਾਤੀ, ਧਰਮ, ਆਚਰਣ, ਕੁਆਰਾ, ਸਾਬਕਾ ਸੈਨਿਕਾਂ ਨਾਲ ਸਬੰਧ ਵਾਲੇ ਸਰਟੀਫਿਕੇਟ ਲਿਆਂਦੇ ਜਾਣ।

© 2016 News Track Live - ALL RIGHTS RESERVED