ਅਫ਼ਗਾਨਿਸਤਾਨ ਵੱਲੋਂ ਭਾਰਤ ਨਾਲ ਵਪਾਰ ਕਰਨ ਲਈ ਵਰਤਿਆ ਜਾਣ ਵਾਲਾ ਰੂਟ ਵੀ ਮੁਅੱਤਲ

ਅਫ਼ਗਾਨਿਸਤਾਨ ਵੱਲੋਂ ਭਾਰਤ ਨਾਲ ਵਪਾਰ ਕਰਨ ਲਈ ਵਰਤਿਆ ਜਾਣ ਵਾਲਾ ਰੂਟ ਵੀ ਮੁਅੱਤਲ

ਅਟਾਰੀ:

ਕਸ਼ਮੀਰ ਦੇ ਪੁਨਰਗਠਨ ਤੋਂ ਲੋਹੇ-ਲਾਖੇ ਹੋਏ ਪਾਕਿਸਤਾਨ ਨੇ ਭਾਰਤ ਨਾਲ ਆਪਣਾ ਕਾਰੋਬਾਰ ਬੰਦ ਕਰਨ ਦੇ ਨਾਲ-ਨਾਲ ਹੁਣ ਗੁਆਂਢੀ ਮੁਲਕ ਅਫ਼ਗਾਨਿਸਤਾਨ 'ਤੇ ਵੀ ਰੋਕ ਲਾ ਦਿੱਤੀ ਹੈ। ਪਾਕਿਸਤਾਨ ਨੇ ਉਨ੍ਹਾਂ ਦੇ ਦੇਸ਼ ਵਿੱਚੋਂ ਗੁਜ਼ਰਦਾ ਅਫ਼ਗਾਨਿਸਤਾਨ ਵੱਲੋਂ ਭਾਰਤ ਨਾਲ ਵਪਾਰ ਕਰਨ ਲਈ ਵਰਤਿਆ ਜਾਣ ਵਾਲਾ ਰੂਟ ਵੀ ਮੁਅੱਤਲ ਕਰ ਦਿੱਤਾ ਹੈ। ਅਜਿਹੇ ਵਿੱਚ ਗੁਰਬਤ ਨਾਲ ਲੜ ਰਹੇ ਅਫ਼ਗਾਨਿਸਤਾਨ ਨੂੰ ਵੱਡੀ ਸੱਟ ਵੱਜ ਸਕਦੀ ਹੈ।
ਅਫ਼ਗਾਨਿਸਤਾਨ ਤੋਂ ਭਾਰਤ ਵਿੱਚ ਜ਼ਿਆਦਾਤਰ ਸੁੱਕੇ ਮੇਵਿਆਂ ਦਾ ਕਾਰੋਬਾਰ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਸ਼ੁੱਧ ਅਫ਼ਗਾਨੀ ਜ਼ੀਰਾ (ਜੋ ਖੁਸ਼ਬੂਦਾਰ ਤੇ ਮਹਿੰਗਾ ਹੋਣ ਕਾਰਨ ਮਹਾਰਾਸ਼ਟਰ, ਗੁਜਰਾਤ ਤੇ ਦੱਖਣ ਭਾਰਤ 'ਚ ਵਰਤਿਆ ਜਾਂਦਾ ਹੈ) ਕਿਸ਼ਮਿਸ਼, ਬਾਦਾਮ ਗਿਰੀ ਤੇ ਅੰਜੀਰ ਆਦਿ ਭਾਰਤ ਵਿੱਚ ਆਉਂਦੇ ਹਨ। ਜੇਕਰ ਡਰਾਈ ਫਰੂਟ ਦਾ ਕਾਰੋਬਾਰ ਬੰਦ ਹੋ ਜਾਂਦਾ ਹੈ ਤਾਂ ਇਸ ਦਾ ਵੱਡਾ ਅਸਰ ਅਫਗਾਨਿਸਤਾਨ ਦੀ ਆਰਥਿਕਤਾ 'ਤੇ ਪਏਗਾ।
ਅਫ਼ਗਾਨਿਸਤਾਨ ਦੀ ਆਰਥਿਕਤਾ ਦਾ ਵੱਦਾ ਹਿੱਸਾ ਡਰਾਈ ਫਰੂਟ ਦੇ ਕਾਰੋਬਾਰ 'ਤੇ ਨਿਰਭਰ ਕਰਦਾ ਹੈ ਅਤੇ ਭਾਰਤ ਵਿੱਚ ਡਰਾਈਫਰੂਟ ਪਹੁੰਚਾਉਣ ਲਈ ਸੜਕੀ ਰਸਤਾ ਹੀ ਲਾਹੇਵੰਦ ਮੰਨਿਆ ਜਾਂਦਾ ਹੈ। ਜੇਕਰ ਸੜਕੀ ਰਸਤਾ ਪਾਕਿਸਤਾਨ ਬੰਦ ਕਰ ਦਿੰਦਾ ਹੈ ਤਾਂ ਫਿਰ ਸਮੁੰਦਰੀ ਰਸਤੇ ਹੀ ਡਰਾਈਫਰੂਟ ਭਾਰਤ ਪਹੁੰਚ ਸਕੇਗਾ, ਜਿਸ ਨੂੰ ਲੈਣ ਲਈ ਵਪਾਰੀ ਰਾਜ਼ੀ ਨਹੀਂ ਹੁੰਦੇ। ਸਮੁੰਦਰੀ ਰਸਤਿਓਂ ਸੁੱਕੇ ਮੇਵੇ ਨਮੀ ਕਾਰਨ ਸਿੱਲ੍ਹੇ ਹੋ ਜਾਂਦੇ ਹਨ ਤੇ ਖਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕੋਈ ਵੀ ਵਪਾਰੀ ਡਰਾਈਫਰੂਟ ਦੇ ਸਾਮਾਨ ਨੂੰ ਸਮੁੰਦਰੀ ਰਸਤੇ ਮੰਗਵਾਉਣ ਦਾ ਜੋਖ਼ਮ ਨਹੀਂ ਲੈਂਦਾ, ਇਸ ਕਾਰਨ ਭਾਰਤ ਅਫਗਾਨਿਸਤਾਨ ਤੋਂ ਡਰਾਈ ਫਰੂਟ ਨਹੀਂ ਮੰਗਵਾ ਪਾਵੇਗਾ।
ਹੁਣ ਭਾਰਤੀ ਕਾਰੋਬਾਰੀ ਕਿਸੇ ਹੋਰ ਦੇਸ਼ ਤੋਂ ਸੁੱਕੇ ਮੇਵੇ ਮੰਗਵਾਉਣ ਵੱਲ ਰੁਖ਼ ਕਰਨਗੇ। ਅਜਿਹਾ ਹੁੰਦਾ ਹੈ ਤਾਂ ਅਫ਼ਗਾਨਿਸਤਾਨ ਨੂੰ ਭਾਰਤ ਦੇ ਬਾਜ਼ਾਰ ਤੋਂ ਹੋਣ ਵਾਲਾ ਲਾਭ ਨਹੀਂ ਮਿਲੇਗਾ ਤੇ ਉਸ ਨੂੰ ਨੁਕਸਾਨ ਹੀ ਝੱਲਣਾ ਪਵੇਗਾ।

© 2016 News Track Live - ALL RIGHTS RESERVED